ਅਮਰੀਕਾ ਤੇ ਰੂਸ ਨੇ ਯੂਕਰੇਨ ਸ਼ਾਂਤੀ ਵਾਰਤਾ ਲਈ ਨਵੇਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ-ਰੂਬੀਓ

ਕੁਆਲਾਲੰਪੁਰ, 10 ਜੁਲਾਈ (ਏਜੰਸੀ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮਲੇਸ਼ੀਆ 'ਚ ਆਪਣੇ ਰੂਸੀ ਹਮਰੁਤਬਾ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਮਰੀਕਾ ਤੇ ਰੂਸ ਨੇ ਯੂਕਰੇਨ ਸ਼ਾਂਤੀ ਵਾਰਤਾ ਲਈ ਨਵੇਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਹੈ | ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਇਕ ਨਵਾਂ ਤੇ ਵੱਖਰਾ ਦਿ੍ਸ਼ਟੀਕੋਣ ਹੈ | ਉਨ੍ਹਾਂ ਕਿਹਾ ਕਿ ਮੈਂ ਇਸਨੂੰ ਸ਼ਾਂਤੀ ਦੀ ਗਰੰਟੀ ਨਹੀਂ ਕਹਾਂਗਾ, ਪਰ ਇਹ ਇਕ ਵਿਚਾਰ ਹੈ ਜੋ ਮੈਂ ਰਾਸ਼ਟਰਪਤੀ (ਡੋਨਾਲਡ ਟਰੰਪ) ਨੂੰ ਪੇਸ਼ ਕਰਾਂਗਾ | ਹਾਲਾਂਕਿ, ਰੂਬੀਓ ਨੇ ਇਸ ਬਾਰੇ ਵਿਸਥਾਰ 'ਚ ਨਹੀਂ ਦੱਸਿਆ | ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨਿਰਾਸ਼ ਹਨ ਕਿ ਰੂਸੀ ਪੱਖ ਨੇ ਇਸ ਟਕਰਾਅ ਨੂੰ ਖਤਮ ਕਰਨ ਲਈ ਬਹੁਤੀ ਲਚਕਤਾ ਨਹੀਂ ਦਿਖਾਈ ਹੈ | ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਹ ਬਦਲੇਗਾ ਅਤੇ ਜਿੱਥੇ ਵੀ ਅਸੀਂ ਬਦਲਾਅ ਲਿਆਉਣ ਦੇ ਮੌਕੇ ਦੇਖਦੇ ਹਾਂ, ਅਸੀਂ ਸ਼ਾਮਲ ਹੁੰਦੇ ਰਹਾਂਗੇ |