India vs England - ਤੀਜੇ ਟੈਸਟ ਮੈਚ ਦੀ ਇੰਗਲੈਂਡ ਵਲੋਂ ਚੰਗੀ ਸ਼ੁਰੂਆਤ, 251/4

ਲੰਡਨ, 10 ਜੁਲਾਈ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2024-25 ਦੇ ਲਈ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਲੰਡਨ ਦੇ ਲਾਰਡਜ਼ ਕਿ੍ਕਟ ਗਰਾਊਾਡ 'ਚ ਅੱਜ ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਅੱਜ ਪਹਿਲੇ ਦਿਨ ਦੀ ਖੇਡ ਦੀ ਸਮਾਪਤੀ 'ਤੇ ਇੰਗਲੈਂਡ ਨੇ 4 ਵਿਕਟਾਂ ਦੇ ਨੁਕਸਾਨ 'ਤੇ 251 ਦੌੜਾਂ ਬਣਾਈਆਂ | ਇਸ ਵਾਰ ਦੋਵਾਂ ਟੀਮਾਂ 'ਚ ਇਕ ਬਦਲਾਅ ਦੇਖਣ ਨੂੰ ਮਿਲਿਆ | ਇੰਗਲੈਂਡ ਨੇ ਜੋਸ਼ ਟੰਗ ਦੀ ਜਗ੍ਹਾ ਜੋਫਰਾ ਆਰਚਰ ਨੂੰ ਸ਼ਾਮਲ ਕੀਤਾ ਤੇ ਭਾਰਤ ਨੇ ਪ੍ਰਸਿਧ ਕਿ੍ਸ਼ਨਾ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਨੂੰ ਸ਼ਾਮਲ ਕੀਤਾ ਹੈ | ਇੰਗਲੈਂਡ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਜੈਕ ਕਰੌਲੀ ਅਤੇ ਬੇਨ ਡਕੇਟ ਨੇ ਕੀਤੀ | ਭਾਰਤੀ ਆਲਰਾਉਂਡਰ ਨਿਤੀਸ਼ ਰੈਡੀ ਨੇ ਇੰਗਲੈਂਡ ਨੂੰ ਪਹਿਲਾ ਝਟਕਾ ਦਿੰਦੇ ਹੋਏ, ਬੇਨ ਡਕੇਟ ਨੂੰ ਆਪਣਾ ਸ਼ਿਕਾਰ ਬਣਾਇਆ | ਉਸਨੇ 40 ਗੇਂਦਾਂ 'ਚ 23 ਦੌੜਾਂ ਬਣਾਈਆਂ | ਤੀਜੇ ਨੰਬਰ 'ਤੇ ਓਲੀ ਪੋਪ ਬੱਲੇਬਾਜ਼ੀ ਕਰਨ ਲਈ ਆਏ ਹਨ | ਫਿਰ ਨਿਤਿਸ਼ ਰੈਡੀ ਨੇ ਜੈਕ ਕਰੌਲੀ ਨੂੰ ਆਉਟ ਕਰਦੇ ਹੋਏ ਆਪਣੀ ਦੂਜੀ ਵਿਕਟ ਹਾਸਿਲ ਕੀਤੀ | ਉਹ 43 ਗੇਂਦਾਂ 'ਚ 18 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ | ਨਿਤਿਸ਼ ਨੇ ਕਰੌਲੀ ਨੂੰ ਵਿਕਟਕੀਪਰ ਰਿਸ਼ਭ ਪੰਤ ਦੇ ਹੱਥੋਂ ਕੈਚ ਕਰਵਾਇਆ | ਹਾਲਾਂਕਿ, ਪੰਤ ਦੀ ਖੱਬੀ ਉਂਗਲੀ 'ਤੇ ਸੱਟ ਲੱਗਣ ਕਾਰਨ ਉਹ ਮੈਦਾਨ ਛੱਡ ਕੇ ਚਲੇ ਗਏ ਤੇ ਉਨ੍ਹਾਂ ਦੀ ਜਗ੍ਹਾ ਧਰੁਵ ਜੁਰੇਲ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣ ਆਏ ਤੇ ਇੰਗਲੈਂਡ ਲਈ ਮੋਰਚਾ ਜੋ ਰੂਟ ਨੇ ਸੰਭਾਲਿਆ | ਇਸ ਮਗਰੋਂ ਦੂਜਾ ਸੈਸ਼ਨ ਦੇ ਅੰਤ ਤੱਕ ਭਾਰਤ ਨੂੰ ਕੋਈ ਵਿਕਟ ਨਹੀਂ ਮਿਲੀ ਅਤੇ ਰੂਟ ਤੇ ਪੋਪ ਦੇ ਵਿਚਕਾਰ 109 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ | ਫਿਰ ਰਵਿੰਦਰ ਜਡੇਜਾ ਨੇ ਤੀਜੇ ਸੈਸ਼ਨ ਦੀ ਸ਼ੁਰੂਆਤ 'ਚ ਭਾਰਤ ਨੂੰ ਤੀਜੀ ਸਫਲਤਾ ਦਿਵਾਈ ਹੈ | ਜਡੇਜਾ ਨੇ ਓਲੀ ਪੋਪ ਨੂੰ ਵਿਕਟ ਦੇ ਪਿੱਛੋਂ ਜੁਰੇਲ ਹੱਥੋਂ ਕੈਚ ਕਰਵਾ ਕੇ ਆਊਟ ਕੀਤਾ | ਪੋਪ ਅਰਧ ਸੈਂਕੜਾ ਬਣਾਉਣ ਦੇ ਨੇੜੇ ਸੀ, ਪਰ 44 ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਪਰਤ ਗਿਆ | ਇਸ ਤੋਂ ਬਾਅਦ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਨੂੰ ਚੌਥਾ ਝਟਕਾ ਦਿੱਤਾ | ਉਸਨੇ ਹੈਰੀ ਬਰੂਕ ਨੂੰ ਬੋਲਡ ਕੀਤਾ | ਉਹ ਸਿਰਫ਼ 11 ਦੌੜਾਂ ਹੀ ਬਣਾ ਸਕਿਆ | ਦਿਨ ਦੀ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਨੇ 4 ਵਿਕਟਾਂ ਦੇ ਨੁਕਸਾਨ 'ਤੇ 251 ਦੌੜਾਂ ਬਣਾ ਲਈਆਂ ਹਨ | ਜੋ ਰੂਟ 191 ਗੇਂਦਾਂ 'ਤੇ 99 ਦੌੜਾਂ ਬਣਾ ਕੇ ਅਤੇ ਕਪਤਾਨ ਬੈਨ ਸਟੋਕਸ 102 ਗੇਂਦਾਂ 'ਤੇ 39 ਦੌੜਾਂ ਬਣਾ ਕੇ ਕਰੀਜ਼ 'ਤੇ ਬਣੇ ਹੋਏ ਹਨ | ਅੱਜ ਦੇ ਮੈਚ 'ਚ ਸਾਬਕਾ ਬਿ੍ਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੇ ਤੀਜੇ ਮੈਚ ਦਾ ਆਨੰਦ ਲੈਣ ਲਈ ਪਹੁੰਚੇ ਸਨ | ਉਹ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨਾਲ ਨਜ਼ਰ ਆਏ |