ਟੈਕਸਾਸ 'ਚ ਹੜ੍ਹਾਂ ਕਾਰਨ ਵੱਡੇ ਪੱਧਰ 'ਤੇ ਤਬਾਹੀ

ਸੈਕਰਾਮੈਂਟੋ, 10 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਕਸਾਸ ਸੂਬੇ 'ਚ ਹੜਾਂ ਨਾਲ ਭਿਆਨਕ ਤਬਾਹੀ ਹੋਈ ਹੈ, ਜਿਸ ਕਾਰਨ 170 ਤੋਂ ਵਧ ਲੋਕ ਅਜੇ ਵੀ ਲਾਪਤਾ ਹਨ | ਹੁਣ ਤੱਕ ਬਚਾਅ ਕਰਮੀਆਂ ਨੇ ਘੱਟੋ-ਘੱਟ 119 ਲਾਸ਼ਾਂ ਬਰਾਮਦ ਕਰ ਲਈਆਂ ਹਨ | ਇਨਾਂ 'ਚ 36 ਲੜਕੀਆਂ ਹਨ, ਜੋ ਗਰਮੀਆਂ ਦੇ ਕੈਂਪ ਮਿਸਟਿਕ 'ਚ ਹਿੱਸਾ ਲੈ ਰਹੀਆਂ ਸਨ | ਇਹ ਸਾਰੀਆਂ ਸਥਾਨਕ ਲੜਕੀਆਂ ਸਨ ਤੇ ਇਨਾਂ ਦੇ ਘਰ ਵੀ ਦਰਿਆ ਦੇ ਕੰਢੇ ਬਣੇ ਹੋਏ ਹਨ | ਗਵਰਨਰ ਗਰੇਜ ਅਬੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਲਾਪਤਾ ਵਿਅਕਤੀਆਂ 'ਚ ਕੈਂਪ 'ਚ ਸ਼ਾਮਿਲ 5 ਬੱਚੇ ਤੇ ਇਕ ਕੌਂਸਲਰ ਸ਼ਾਮਿਲ ਹੈ | ਗੁਆਡਾਲੂਪ ਦਰਿਆ ਦੇ ਨਾਲ ਲੱਗਦੇ ਖੇਤਰ 'ਚ ਹਾਲਾਂਕਿ ਰਾਹਤ ਤੇ ਬਚਾਅ ਕਾਰਜ ਜਾਰੀ ਹਨ ਪਰੰਤੂ ਹੁਣ ਕਿਸੇ ਦੇ ਬਚੇ ਹੋਣ ਦੀ ਆਸ ਬਹੁਤ ਮੱਧਮ ਹੈ | ਕੈਰਵਿਲੇ ਪੁਲਿਸ ਵਿਭਾਗ ਦੇ ਅਧਿਕਾਰੀ ਜੋਨਾਥਨ ਲੈਂਬ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਆਖਰੀ ਵਿਅਕਤੀ ਨੂੰ ਬਚਾਇਆ ਗਿਆ ਸੀ, ਉਸ ਤੋਂ ਬਾਅਦ ਕੋਈ ਵੀ ਜਿੰਦਾ ਵਿਅਕਤੀ ਨਹੀਂ ਮਿਲਿਆ ਹੈ | ਉਨਾਂ ਕਿਹਾ ਹੈ ਕਿ ਸਮੇਂ ਦੇ ਬੀਤਣ ਨਾਲ ਕਿਸੇ ਹੋਰ ਦੇ ਜੀਂਦਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ |