ਚੋਰ ਲੈ ਗਿਆ ਲੱਖਾਂ ਰੁਪਏ ਦੇ ਗਹਿਣੇ

ਜਗਰਾਉਂ ( ਲੁਧਿਆਣਾ) ,10 ਜੁਲਾਈ ( ਕੁਲਦੀਪ ਸਿੰਘ ਲੋਹਟ) -ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਸਖ਼ਤੀ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਬੁਲੰਦ ਹਨ। ਬਾਅਦ ਦੁਪਹਿਰ ਜਗਰਾਉਂ ਦੇ ਸਿੱਧਵਾਂ ਬੇਟ ਰੋਡ 'ਤੇ ਘਰ ਵਿਚ ਇਕ ਚੋਰ ਵਲੋਂ ਕੰਧ ਟੱਪ ਕੇ ਘਰ ਦੀ ਅਲਮਾਰੀ 'ਚ ਪਏ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੀੜਤ ਪਰਿਵਾਰ ਕੰਮ 'ਤੇ ਗਿਆ ਸੀ ਤਾਂ ਚੋਰ ਨੇ ਮੌਕਾ ਤਾੜਦਿਆਂ ਹੀ ਘਰ ਦੀ ਸਫਾਈ ਕਰ ਦਿੱਤੀ । ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਮਨਦੀਪ ਕੌਰ ਪਤਨੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਪਤੀ ਜੋ ਕਿ ਪ੍ਰਾਈਵੇਟ ਨੌਕਰੀ ਕਰਦੇ ਹਨ ,ਆਪਣੇ ਕੰਮ 'ਤੇ ਗਏ ਹੋਏ ਸਨ ਤਾਂ ਇਕ ਨੌਜਵਾਨ ਵਲੋਂ ਮੌਕਾ ਤਾੜਦਿਆਂ ਹੀ ਉਨ੍ਹਾਂ ਦੇ ਘਰ ਦਾ ਮੁੱਖ ਦੁਆਰ ਟੱਪ ਕੇ ਘਰ ਦੇ ਅੰਦਰਲੇ ਗੇਟ ਨੂੰ ਹਥੌੜੇ ਨਾਲ ਭੰਨ ਦਿੱਤਾ ਅਤੇ ਅਲਮਾਰੀ 'ਚ ਪਏ ਗਹਿਣੇ ਤੇ ਹੋਰ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਉਕਤ ਚੋਰ ਵਲੋਂ ਬਾਥਰੂਮ 'ਚ ਲੱਗੀਆਂ ਟੂਟੀਆਂ ਵੀ ਨਹੀਂ ਛੱਡੀਆਂ। ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਦਾ ਕੋਈ 2 ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਏ. ਐਸ. ਆਈ. ਪਰਮਜੀਤ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਨੇੜਲੇ ਘਰਾਂ ਦੇ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ।ਚੋਰ ਵਲੋਂ ਘਰ 'ਚ ਕੰਧ ਟੱਪ ਕੇ ਦਾਖ਼ਲ ਹੋਣ ਤੇ ਚੋਰੀ ਕਰਨ ਉਪਰੰਤ ਵਾਪਸ ਜਾਣ ਦੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ 'ਚ ਲੈ ਲਈ ਹੈ।ਗੱਲਬਾਤ ਕਰਨ 'ਤੇ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਪਹਿਲੂਆਂ ਨੂੰ ਅਧਾਰ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸੰਬੰਧੀ ਜੋ ਵੀ ਤੱਥ ਸਾਹਮਣੇ ਆਉਣਗੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।