ਨਸ਼ਾ ਤਸਕਰ ਸੰਨੀ ਦਾ ਘਰ ਜ਼ਿਲ੍ਹਾ ਪ੍ਰਸ਼ਾਸਨ ਨੇ ਢਾਹਿਆ


ਛੇਹਰਟਾ (ਅੰਮ੍ਰਿਤਸਰ), 10 ਜੁਲਾਈ (ਪੱਤਰ ਪ੍ਰੇਰਕ) - "ਯੁੱਧ ਨਸ਼ਿਆਂ ਵਿਰੱਧ" ਮੁਹਿੰਮ ਨੂੰ ਅੱਗੇ ਤੋਰਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਤਸਕਰ ਸੋਰਵ ਪ੍ਰਤਾਪ ਉਰਫ ਸੰਨੀ ਪੁੱਤਰ ਨੰਦ ਕਿਸ਼ੋਰ,ਵਾਸੀ ਗਲੀ ਨੰਬਰ 1, ਹਰਗੋਬਿੰਦ ਐਵੀਨਿਊ, ਛੇਹਰਟਾ, ਜਿਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ, ਅਸਲਾ ਐਕਟ ਅਧੀਨ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ 25 ਦੇ ਕਰੀਬ ਕੇਸ ਦਰਜ ਹਨ, ਦਾ ਘਰ ਮਸ਼ੀਨਾਂ ਦੀ ਮਦਦ ਨਾਲ ਮਲੀਆਮੇਟ ਕਰ ਦਿੱਤਾ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਖ਼ਿਲਾਫ਼ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਦਰਜ ਇਕ ਕੇਸ ਵਿਚ ਇਸ ਦੀ ਬੇਟੀ ਮੁਸਕਾਨ ਅਤੇ ਇਸ ਦੇ ਭਰਾ ਆਦਿੱਤਿਆ ਪ੍ਰਤਾਪ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 6 ਕਿੱਲੋ ਗ੍ਰਾਮ ਅਫ਼ੀਮ, 8 ਕਿੱਲੋ ਗ੍ਰਾਮ ਹੈਰੋਇਨ, 2 ਕਿੱਲੋ ਗ੍ਰਾਮ ਹੈਰੋਇਨ ਤਿਆਰ ਕਰਨ ਵਾਲਾ ਅਤੇ ਮਿਕਦਾਰ ਵਧਾਉਣ ਵਾਲਾ ਕੈਮੀਕਲ ਅਤੇ 1 ਪਿਸਤੌਲ, 1 ਜ਼ਿੰਦਾ ਰੌਂਦ ਦੀ ਰਿਕਵਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਇਸ ਦੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜਿਲ੍ਹਿਆ ਵਿਚ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਵੱਖ-ਵੱਖ ਧਾਰਾਵਾ ਤਹਿਤ 25 ਮੁਕੱਦਮੇ ਦਰਜ ਹਨ। ਸੰਨੀ ਫਿਲਹਾਲ ਭਗੌੜਾ ਹੈ ਅਤੇ ਇਸ ਦੀ ਇਕ ਪ੍ਰਾਪਰਟੀ ਗਲੀ ਨੰਬਰ 02, ਅਕਾਸ਼ ਐਵੀਨਿਊ, ਕੋਟ ਖ਼ਾਲਸਾ ਥਾਣਾ ਇਸਲਾਮਾਬਾਦ ਇਸ ਦੀ ਪਤਨੀ ਸੀਤਲ ਪ੍ਰਤਾਪ ਦੇ ਨਾਮ ਹੈ, ਜੋ ਅਣ-ਅਧਿਕਾਰਤ ਤੌਰ ਤੇ ਬਣਾਈ ਗਈ ਹੈ, ਜਿਸ ਨੂੰ ਮਿਊਂਸੀਪਲ ਕਾਰਪੋਰੇਸ਼ਨ, ਅੰਮ੍ਰਿਤਸਰ ਵਲੋਂ ਪੁਲਿਸ ਦੀ ਮਦਦ ਨਾਲ ਢਾਹ ਦਿੱਤਾ ਗਿਆ।