ਯੂ.ਪੀ. ਦੇ 17 ਜ਼ਿਲ੍ਹਿਆਂ ’ਚ ਹੜ੍ਹਾਂ ਦਾ ਕਹਿਰ

ਲਖਨਊ, 4 ਅਗਸਤ- ਯੂ.ਪੀ. ਵਿਚ ਹੜ੍ਹਾਂ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰਾਜ ਦੇ 17 ਜ਼ਿਲ੍ਹੇ ਹੜ੍ਹਾਂ ਵਿਚ ਡੁੱਬੇ ਹੋਏ ਹਨ। ਲਖਨਊ, ਅਯੁੱਧਿਆ ਅਤੇ ਅੰਬੇਡਕਰਨਗਰ ਵਿਚ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ, ਰਾਜ ਵਿਚ ਮੀਂਹ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ।
ਵਾਰਾਣਸੀ ਅਤੇ ਪ੍ਰਯਾਗਰਾਜ ਵਿਚ ਗੰਗਾ ਦਾ ਪਾਣੀ ਇਕ ਲੱਖ ਤੋਂ ਵੱਧ ਘਰਾਂ ਵਿਚ ਦਾਖਲ ਹੋ ਗਿਆ ਹੈ। ਗੰਗਾ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਵਾਰਾਣਸੀ ਦੇ ਸਾਰੇ 84 ਘਾਟ ਡੁੱਬ ਗਏ ਹਨ। ਪ੍ਰਯਾਗਰਾਜ ਵਿਚ ਸੜਕਾਂ ’ਤੇ ਕਿਸ਼ਤੀਆਂ ਚੱਲ ਰਹੀਆਂ ਹਨ ਤੇ ਹਜ਼ਾਰਾਂ ਲੋਕ ਘਰ ਛੱਡ ਕੇ ਚਲੇ ਗਏ ਹਨ।
ਇਸ ਤਰ੍ਹਾਂ ਹੀ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਭਰਵੇਂ ਮੀਂਹ ਕਾਰਨ ਨਦੀਆਂ ਅਤੇ ਨਾਲੇ ਭਰ ਗਏ ਹਨ। 16 ਜੂਨ ਨੂੰ ਰਾਜ ਵਿਚ ਮੌਨਸੂਨ ਦੇ ਦਾਖਲ ਹੋਣ ਤੋਂ ਲੈ ਕੇ ਹੁਣ ਤੱਕ ਹੜ੍ਹਾਂ ਦੌਰਾਨ ਹਾਦਸਿਆਂ ਵਿਚ 275 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਰਕਾਰ ਨੇ ਵਿਧਾਨ ਸਭਾ ਵਿਚ ਇਹ ਅੰਕੜੇ ਦਿੱਤੇ ਸਨ।
ਬਿਹਾਰ ਵਿਚ ਪਿਛਲੇ 24 ਘੰਟਿਆਂ ਵਿਚ ਬਿਜਲੀ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਅੱਜ ਪਟਨਾ ਸਮੇਤ ਰਾਜ ਦੇ ਸਾਰੇ 38 ਜ਼ਿਲ੍ਹਿਆਂ ਵਿਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਸਮੇਂ ਦੌਰਾਨ, 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ 12 ਸਾਲਾਂ ਬਾਅਦ, ਦੇਸ਼ ਵਿਚ ਲਗਾਤਾਰ ਦੋ ਮਹੀਨਿਆਂ ਲਈ ਆਮ ਨਾਲੋਂ 4.1% ਵੱਧ ਬਾਰਿਸ਼ ਹੋਈ। ਜੂਨ ਵਿਚ 9% ਵੱਧ ਬਾਰਿਸ਼ ਹੋਈ ਅਤੇ ਜੁਲਾਈ ਵਿਚ 5% ਵੱਧ ਬਾਰਿਸ਼ ਹੋਈ। 2013 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਜੂਨ ਅਤੇ ਜੁਲਾਈ ਵਿਚ ਲਗਾਤਾਰ ਆਮ ਨਾਲੋਂ ਵੱਧ ਬਾਰਿਸ਼ ਹੋਈ ਹੋਵੇ।