ਟੀ-20 ਮੈਚ 'ਚ ਵੈਸਟ ਇੰਡੀਜ਼ ਦੀ ਪਾਕਿਸਤਾਨ 'ਤੇ ਰੋਮਾਂਚਕ ਜਿੱਤ

ਆਖਰੀ ਗੇਂਦ 'ਤੇ ਜਿੱਤਿਆ ਮੈਚ
ਲਾਡਰਹਿਲ (ਅਮਰੀਕਾ),3 ਅਗਸਤ (ਏਜੰਸੀ)-ਵੈਸਟ ਇੰਡੀਜ਼ ਨੇ ਕੁਝ ਮੁਸ਼ਕਲ ਪਲਾਂ 'ਚੋਂ ਲੰਘਣ ਤੋਂ ਬਾਅਦ, ਦੂਜੇ ਟੀ-20 ਅੰਤਰਰਾਸ਼ਟਰੀ ਕਿ੍ਕਟ ਮੈਚ 'ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ | ਤਜਰਬੇਕਾਰ ਆਲਰਾਊਾਡਰ ਹੋਲਡਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਚਾਰ ਓਵਰਾਂ 'ਚ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਪਹਿਲਾਂ ਬੱਲੇਬਾਜ਼ੀ ਕਰਨ ਆਏ ਪਾਕਿਸਤਾਨ ਨੂੰ 9 ਵਿਕਟਾਂ 'ਤੇ 133 ਦੌੜਾਂ 'ਤੇ ਰੋਕਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਸਿਰਫ਼ 3 ਪਾਕਿਸਤਾਨੀ ਬੱਲੇਬਾਜ਼ ਹਸਨ ਨਵਾਜ਼ , ਕਪਤਾਨ ਸਲਮਾਨ ਆਗਾ ਅਤੇ ਫਖਰ ਜ਼ਮਾਨ ਹੀ ਦੋਹਰੇ ਅੰਕ ਤੱਕ ਪਹੁੰਚ ਸਕੇ | ਵੈਸਟ ਇੰਡੀਜ਼ ਦੀ ਸ਼ੁਰੂਆਤ ਵੀ ਚੰਗੀ ਨਹੀਂ ਸੀ ਤੇ ਇਕ ਸਮੇਂ ਇਸਦਾ ਸਕੋਰ 5 ਵਿਕਟਾਂ 'ਤੇ 70 ਦੌੜਾਂ ਸੀ, ਪਰ ਗੁਦਾਕੇਸ਼ ਮੋਤੀ ਤੇ ਰੋਮਾਰੀਓ ਸ਼ੈਫਰਡ ਨੇ ਇਸਨੂੰ ਮੈਚ 'ਚ ਬਣਾਈ ਰੱਖਿਆ | ਵੈਸਟ ਇੰਡੀਜ਼ ਨੂੰ ਜਿੱਤ ਲਈ ਆਖਰੀ ਗੇਂਦ 'ਤੇ 3 ਦੌੜਾਂ ਦੀ ਲੋੜ ਸੀ | ਹੋਲਡਰ ਨੇ ਪਾਕਿਸਤਾਨ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਗੇਂਦ ਨੂੰ 4 ਦੌੜਾਂ ਲਈ ਭੇਜਿਆ ਅਤੇ ਵੈਸਟ ਇੰਡੀਜ਼ ਦਾ ਸਕੋਰ 8 ਵਿਕਟਾਂ 'ਤੇ 135 ਦੌੜਾਂ 'ਤੇ ਪਹੁੰਚਾਇਆ | ਹੋਲਡਰ 10 ਗੇਂਦਾਂ 'ਤੇ 16 ਦੌੜਾਂ ਬਣਾ ਕੇ ਅਜੇਤੂ ਰਿਹਾ | ਪਾਕਿਸਤਾਨ ਲਈ ਮੁਹੰਮਦ ਨਵਾਜ਼ ਨੇ 3 ਵਿਕਟਾਂ ਅਤੇ ਸੈਮ ਅਯੂਬ ਨੇ 2 ਵਿਕਟਾਂ ਲਈਆਂ | ਇਹ ਸੱਤ ਟੀ-20 ਮੈਚਾਂ 'ਚ ਵੈਸਟਇੰਡੀਜ਼ ਦੀ ਪਹਿਲੀ ਜਿੱਤ ਹੈ | ਆਸਟਰੇਲੀਆ ਨੇ ਪਿਛਲੇ ਮਹੀਨੇ 5 ਮੈਚਾਂ ਦੀ ਲੜੀ 'ਚ ਉਨ੍ਹਾਂ ਨੂੰ 5-0 ਨਾਲ ਹਰਾਇਆ ਸੀ |