ਅੰਤਿਮ ਪੰਘਲ ਨੇ ਵਿਸ਼ਵ ਚੈਂਪੀਅਨਸ਼ਿਪ ਟਰਾਇਲਾਂ 'ਚ ਕੀਤੀ ਜਿੱਤ ਹਾਸਿਲ

ਵੈਸ਼ਨਵੀ ਤੇ ਮਨੀਸ਼ਾ ਨੇ ਵੀ ਭਾਰਤੀ ਟੀਮ 'ਚ ਬਣਾਈ ਜਗ੍ਹਾ
ਨਵੀਂ ਦਿੱਲੀ, 3 ਅਗਸਤ (ਪੀ.ਟੀ.ਆਈ.)-ਵਿਸ਼ਵ ਚੈਂਪੀਅਨਸ਼ਿਪ ਟਰਾਇਲਾਂ 'ਚ ਦਾਅਵੇਦਾਰਾਂ 'ਚੋਂ ਸਭ ਤੋਂ ਸਫਲ ਪਹਿਲਵਾਨ ਅੰਤਿਮ ਪੰਘਲ ਨੇ ਐਤਵਾਰ ਨੂੰ ਇੱਥੇ ਮਹਿਲਾ 53 ਕਿਲੋਗ੍ਰਾਮ ਭਾਰ ਵਰਗ 'ਚ ਬਿਨਾਂ ਕਿਸੇ ਮੁਸ਼ਕਿਲ ਦੇ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਜਦੋਂ ਕਿ ਵੈਸ਼ਨਵੀ ਪਾਟਿਲ (65 ਕਿਲੋਗ੍ਰਾਮ) ਤੇ ਮਨੀਸ਼ਾ ਭਾਨਵਾਲਾ (62 ਕਿਲੋਗ੍ਰਾਮ) ਨੇ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਕੁਆਲੀਫਾਈ ਕੀਤਾ | 20 ਸਾਲਾਂ ਦੀ ਤੇ ਪਹਿਲਾਂ ਹੀ ਸੀਨੀਅਰ ਵਿਸ਼ਵ ਏਸ਼ੀਅਨ ਖੇਡਾਂ ਤੇ ਏਸ਼ੀਅਨ ਚੈਂਪੀਅਨਸ਼ਿਪ 'ਚ ਤਗਮਾ ਜੇਤੂ ਅੰਤਿਮ ਨੇ ਮੱਧ ਪ੍ਰਦੇਸ਼ ਦੀ ਪੂਜਾ ਤੇ ਗੁਜਰਾਤ ਦੀ ਹਿਨਾਬੇਨ ਨੂੰ ਹਰਾ ਕੇ ਜੇਤੂ ਬਣਨ ਲਈ ਇਕ ਵੀ ਅੰਕ ਨਹੀਂ ਗੁਆਇਆ | ਉਸਨੇ 2022 'ਚ ਦੇਸ਼ ਦੀ ਪਹਿਲੀ ਅੰਡਰ20 ਵਿਸ਼ਵ ਚੈਂਪੀਅਨ ਬਣ ਕੇ ਸੁਰਖੀਆਂ ਬਟੋਰੀਆਂ ਸਨ ਤੇ 2024 ਪੈਰਿਸ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਸੀ ਪਰ ਉਹ ਵਿਵਾਦਾਂ 'ਚ ਘਿਰੀ ਓਲੰਪਿਕ ਤੋਂ ਵਾਪਸ ਆਈ ਸੀ | ਉਹ ਨਾ ਸਿਰਫ਼ ਪੈਰਿਸ 'ਚ ਮੈਟ 'ਤੇ ਫਿੱਕੀ ਪੈ ਗਈ, ਸਗੋਂ ਆਪਣੀ ਭੈਣ ਨੂੰ ਆਪਣੇ ਮਾਨਤਾ ਕਾਰਡ 'ਤੇ ਗੇਮਜ਼ ਵਿਲੇਜ ਭੇਜ ਕੇ ਇਕ ਵੱਡਾ ਵਿਵਾਦ ਵੀ ਖੜ੍ਹਾ ਕਰ ਦਿੱਤਾ ਸੀ | ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਅਨੁਸ਼ਾਸਨੀ ਕਾਰਵਾਈ 'ਤੇ ਵਿਚਾਰ ਕੀਤਾ ਪਰ ਥੋੜ੍ਹੀ ਦੇਰ ਬਾਅਦ ਰੁਕ ਗਈ | ਹਾਲ ਹੀ 'ਚ, ਉਹ ਆਪਣੇ ਨਿੱਜੀ ਕੋਚ ਨਾਲ ਵਿਦੇਸ਼ 'ਚ ਸਿਖਲਾਈ ਲੈਣਾ ਚਾਹੁੰਦੀ ਸੀ ਪਰ ਜਬਲਿਊ.ਐਫ.ਆਈ. ਨੇ ਉਸਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਤੇ ਉਸਨੂੰ ਰਾਸ਼ਟਰੀ ਕੈਂਪ 'ਚ ਸਿਖਲਾਈ ਲੈਣ ਲਈ ਕਿਹਾ ਸੀ |