ਬੰਗਲਾਦੇਸ਼ ਟਿ੍ਬਿਊਨਲ ਨੇ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਸ਼ੇਖ ਹਸੀਨਾ ਵਿਰੁੱਧ ਮੁਕੱਦਮਾ ਸ਼ੁਰੂ ਕੀਤਾ

ਢਾਕਾ, 3 ਅਗਸਤ (ਪੀ. ਟੀ. ਆਈ.)-ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟਿ੍ਬਿਊਨਲ (ਆਈ.ਸੀ.ਟੀ.) ਨੇ ਐਤਵਾਰ ਨੂੰ ਗੱਦੀਓਾ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਮਨੁੱਖਤਾ ਵਿਰੁੱਧ ਮੁਕੱਦਮਾ ਸ਼ੁਰੂ ਕੀਤਾ | ਇਹ ਮੁਕੱਦਮਾ ਉਨ੍ਹਾਂ ਦੀ ਗੈਰਹਾਜ਼ਰੀ 'ਚ ਚੱਲ ਰਿਹਾ ਹੈ | ਇਹ ਮਾਮਲਾ 2024 'ਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦੇ ਹਿੰਸਕ ਦਮਨ ਨਾਲ ਸੰਬੰਧਿਤ ਹੈ | ਅੰਤਰਿਮ ਸਰਕਾਰ ਨੇ ਉਨ੍ਹਾਂ 'ਤੇ ਮਨੁੱਖਤਾ ਵਿਰੁੱਧ ਅਪਰਾਧ ਕਰਨ ਦਾ ਦੋਸ਼ ਲਗਾਇਆ ਹੈ | ਆਪਣੀ ਸ਼ੁਰੂਆਤੀ ਦਲੀਲ 'ਚ ਅੰਤਰਿਮ ਸਰਕਾਰ ਵਲੋਂ ਨਿਯੁਕਤ ਮੁੱਖ ਸਰਕਾਰੀ ਵਕੀਲ ਤਾਜੁਲ ਇਸਲਾਮ ਨੇ ਸ਼ੇਖ ਹਸੀਨਾ ਨੂੰ 'ਸਾਰੇ ਅਪਰਾਧਾਂ ਦੀ ਜੜ੍ਹ' ਕਿਹਾ ਤੇ ਉਨ੍ਹਾਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ | ਇਸਤਗਾਸਾ ਪੱਖ ਨੇ ਇਸ ਮਾਮਲੇ 'ਚ ਹਸੀਨਾ ਦੇ 2 ਮੁੱਖ ਸਹਿਯੋਗੀਆਂ ਦਾ ਵੀ ਨਾਂਅ ਲਿਆ ਹੈ | ਇਨ੍ਹਾਂ 'ਚ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਤੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਚੌਧਰੀ ਅਬਦੁੱਲਾ ਅਲ ਮਾਮੂਨ ਸ਼ਾਮਲ ਹਨ | ਆਈ.ਸੀ.ਟੀ. ਨੇ ਕਈ ਦੋਸ਼ਾਂ ਦੇ ਆਧਾਰ 'ਤੇ ਹਸੀਨਾ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ | ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਉਨ੍ਹਾਂ ਨੇ ਵਿਦਿਆਰਥੀ ਅੰਦੋਲਨ ਨੂੰ ਦਬਾਉਣ ਲਈ ਕਤਲ ਤੇ ਅਤਿਆਚਾਰ ਵਰਗੀਆਂ ਕਾਰਵਾਈਆਂ ਕੀਤੀਆਂ | ਅੰਦੋਲਨ ਇੰਨਾ ਵੱਡਾ ਹੋ ਗਿਆ ਸੀ ਕਿ ਉਨ੍ਹਾਂ ਦੀ ਅਵਾਮੀ ਲੀਗ ਸਰਕਾਰ 5 ਅਗਸਤ, 2024 ਨੂੰ ਡਿੱਗ ਗਈ | ਜਦੋਂ ਕਿ ਸ਼ੇਖ ਹਸੀਨਾ ਅਤੇ ਕਮਾਲ 'ਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਮੁਕੱਦਮਾ ਚਲਾਇਆ ਜਾ ਰਿਹਾ ਹੈ, ਮਾਮੂਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹ ਮਾਮਲੇ 'ਚ ਸਰਕਾਰੀ ਗਵਾਹ ਬਣਨ ਲਈ ਸਹਿਮਤ ਹੋ ਗਏ ਹਨ | ਇਸਤਗਾਸਾ ਪੱਖ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਹ ਉਨ੍ਹਾਂ ਲੋਕਾਂ ਨੂੰ ਗਵਾਹਾਂ ਵਜੋਂ ਪੇਸ਼ ਕਰੇਗਾ ਜੋ ਵਿਰੋਧ ਪ੍ਰਦਰਸ਼ਨਾਂ ਦੌਰਾਨ ਜ਼ਖਮੀ ਹੋਏ ਸਨ ਜਾਂ ਜਿਨ੍ਹਾਂ ਨੇ ਹਿੰਸਾ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ | ਜ਼ਿਕਰਯੋਗ ਹੈ ਕਿ ਸ਼ੇਖ ਹਸੀਨਾ 5 ਅਗਸਤ, 2024 ਨੂੰ ਬੰਗਲਾਦੇਸ਼ ਛੱਡ ਗਈ ਸੀ ਤੇ ਉਹ ਇਸ ਸਮੇਂ ਭਾਰਤ 'ਚ ਰਹਿ ਰਹੀ ਹੈ | ਰਿਪੋਰਟਾਂ ਅਨੁਸਾਰ, ਸਾਬਕਾ ਗ੍ਰਹਿ ਮੰਤਰੀ ਕਮਾਲ ਨੇ ਵੀ ਬਾਅਦ 'ਚ ਭਾਰਤ 'ਚ ਸ਼ਰਨ ਲਈ ਹੈ | ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਭਾਰਤ ਤੋਂ ਸ਼ੇਖ ਹਸੀਨਾ ਦੀ ਵਾਪਸੀ (ਹਵਾਲਗੀ) ਦੀ ਮੰਗ ਕੀਤੀ ਹੈ |