04-08-2025
ਭਿਖਾਰੀਆਂ ਖ਼ਿਲਾਫ਼ ਕਾਰਵਾਈ
ਪੰਜਾਬ ਸਰਕਾਰ ਨੇ ਭੀਖ ਮੰਗਣ ਵਾਲੇ ਭਿਖਾਰੀਆਂ ਦੇ ਖ਼ਿਲਾਫ਼ ਜੋ ਭੀਖ ਮੰਗਣ ਤੋਂ ਰੋਕਣ ਲਈ ਮੁਹਿੰਮ ਚਲਾਈ ਹੈ! ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ! ਭਿਖਾਰੀਆਂ ਬਾਰੇ ਆਮ ਲੋਕਾਂ ਨੂੰ ਕੁਝ ਪਤਾ ਨਹੀਂ ਲਗਦਾ! ਇਹ ਕੌਣ ਨੇ, ਕਿੱਥੋਂ ਆਏ ਨੇ, ਕਿੱਥੇ ਜਾਂਦੇ ਨੇ, ਇਨ੍ਹਾਂ ਦੀ ਕਮਾਈ ਮੰਗੇ ਹੋਏ ਪੈਸੇ ਕੌਣ ਲੈ ਜਾਂਦਾ ਹੈ? ਇਸ ਪਿੱਛੇ ਕੋਈ ਬਹੁਤ ਵੱਡਾ ਗਰੋਹ ਹੋਵੇਗਾ ਹੈ। ਇਨ੍ਹਾਂ ਭਿਖਾਰੀਆਂ ਵਿੱਚ ਸਾਡੇ ਪੰਜਾਬੀ ਭਿਖਾਰੀ ਤਾਂ ਨਾਂਹ ਮਾਤਰ ਹੀ ਹਨ! ਇਹ ਸਾਰੇ ਭਿਖਾਰੀ ਬਾਹਰੋਂ ਹੋਰ ਸੂਬਿਆਂ ਤੋਂ ਪੰਜਾਬ ਆਏ ਹੋਏ ਹਨ। ਇਨ੍ਹਾਂ ਭੀਖ ਮੰਗਣ ਵਾਲਿਆਂ ਦੀ ਸਰਕਾਰ ਕੋਲ ਕੋਈ ਲਿਸਟ ਨਹੀਂ, ਕੋਈ ਗਿਣਤੀ ਨਹੀਂ, ਕੋਈ ਜਾਣਕਾਰੀ ਨਹੀਂ ਹੈ! ਇਹ ਕਾਤਲ ਨੇ, ਨਸ਼ੇ ਦੇ ਕਾਰੋਬਾਰੀ ਨੇ ਜਾਂ ਜਾਸੂਸ ਹਨ। ਇਹ ਭਿਖਾਰੀ ਐਨੇ ਜ਼ਿਆਦਾ ਵੱਧ ਚੁੱਕੇ ਹਨ ਕਿ ਜਿੱਥੇ ਮਰਜ਼ੀ ਦੇਖ ਲਓ ਤੁਹਾਨੂੰ ਉੱਥੇ ਹੀ ਨਜ਼ਰ ਆਉਣਗੇ। ਇਹ ਪਿੰਡਾਂ, ਸ਼ਹਿਰਾਂ, ਕਸਬਿਆ ਤੋਂ ਇਲਾਵਾ ਧਾਰਮਿਕ ਅਸਥਾਨਾਂ, ਬੱਸ ਅੱਡਿਆਂ, ਸਰਕਾਰੀ ਦਫ਼ਤਰਾਂ, ਰੇਲਵੇ ਸਟੇਸ਼ਨਾਂ, ਮੌਲਾਂ, ਸ਼ੋ-ਰੂਮਾਂ, ਬੱਤੀਆਂ ਵਾਲੇ ਚੌਕਾਂ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਮੰਗਦੇ ਮਿਲਣਗੇ। ਇਨ੍ਹਾਂ ਲੋਕਾਂ ਨੇ ਮੰਗਣ ਨੂੰ ਆਪਣਾ ਧੰਦਾ ਹੀ ਬਣਾ ਲਿਆ ਹੈ! ਇਹ ਭੀਖ ਮੰਗਣ ਵਾਲੇ ਲੋਕ ਸਵੇਰ ਹੁੰਦੇ ਹੀ ਆਪਣੇ ਨਿੱਕੇ-ਨਿੱਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਭੀੜਭਾੜ ਵਾਲੇ ਇਲਾਕਿਆਂ ਵਿੱਚ ਮੰਗਣ ਲਈ ਅਲੱਗ ਅਲੱਗ ਥਾਵਾਂ 'ਤੇ ਆਪਣੇ ਬਣਾਏ ਪੱਕੇ ਮੰਗਣ ਦੇ ਅੱਡਿਆਂ 'ਤੇ ਭੇਜ ਦਿੰਦੇ ਹਨ। ਇਹ ਭਿਖਾਰੀ ਲੋਕ ਹੀ ਚੋਰੀਆਂ, ਲੁੱਟਾਂ-ਖੋਹਾਂ, ਕੁੱਟਮਾਰ ਅਤੇ ਹੋਰ ਕਈ ਤਰ੍ਹਾਂ ਦੀਆਂ ਗਲਤ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਹਨ। ਇਨ੍ਹਾਂ ਅਣਜਾਣ ਲੋਕਾਂ ਨੇ ਹੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ। ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਕਿਸੇ ਵੀ ਭਿਖਾਰੀ ਨੂੰ ਮੰਗਣ 'ਤੇ ਪੇਸੈ ਨਾ ਦੇਈਏ। ਪਿੰਡਾਂ ਦੇ ਸਰਪੰਚ, ਸ਼ਹਿਰਾਂ ਦੇ ਐਮ.ਸੀ. ਆਪਣੇ ਵਾਰਡਾਂ ਵਿਚ ਕਿਸੇ ਵੀ ਭਿਖਾਰੀ ਨੂੰ ਵੜਨ ਨਾ ਦੇਣ, ਤਾਂ ਹੀ ਭੀਖ ਮੰਗਣ ਵਾਲੇ ਭਿਖਾਰੀਆਂ ਨੂੰ ਨੱਥ ਪਾਈ ਜਾ ਸਕਦੀ।
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ 11, ਭਾਗੂ ਰੋਡ ਬਠਿੰਡਾ!
ਸਰਕਾਰ ਆਪਣਾ ਵਾਅਦਾ ਪੂਰਾ ਕਰੇ
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੁਲਾਈ, 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ 'ਕੇਂਦਰੀ ਪੇ ਸਕੇਲ' ਦੀ ਜਗ੍ਹਾ 'ਪੰਜਾਬ ਪੇ ਸਕੇਲ' ਲਾਗੂ ਕਰਕੇ ਆਪਣਾ ਚੋਣ ਵਾਅਦਾ ਪੂਰਾ ਕਰੇ। ਜ਼ਿਕਰਯੋਗ ਹੈ ਕਿ ਮੁਲਾਜ਼ਮ ਪੰਜਾਬ ਦਾ ਪੇ ਸਕੇਲ ਲਾਗੂ ਕਰਵਾਉਣ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚੋਂ ਮੁਕੱਦਮਾ ਜਿੱਤ ਚੁੱਕੇ ਹਨ ਪਰ ਪੰਜਾਬ ਸਰਕਾਰ ਢੀਠ ਬਣ ਕੇ ਅਜੇ ਵੀ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੀ। ਇਸ ਕਰਕੇ ਹਰੇਕ ਮੁਲਾਜ਼ਮ ਨੂੰ ਹਰ ਮਹੀਨੇ 15 ਤੋਂ 20 ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਸਰਕਾਰ ਨੂੰ ਆਪਣਾ ਮੁਲਾਜ਼ਮ ਵਿਰੋਧੀ ਰਵੱਈਆ ਛੱਡ ਕੇ ਜਲਦੀ ਤੋਂ ਜਲਦੀ ਮੁਲਾਜ਼ਮਾਂ ਨੂੰ ਪਜੰਾਬ ਦੇ ਪੇ ਸਕੇਲ ਮੁਤਾਬਕ ਤਨਖਾਹ ਦੇਣੀ ਚਾਹੀਦੀ ਹੈ।
-ਪ੍ਰੋਫ਼ੈਸਰ ਮਨਜੀਤ ਤਿਆਗੀ
'ਸਟੇਟ ਅਵਾਰਡੀ', ਮਾਲੇਰਕੋਟਲਾ।
ਪਲਾਸਟਿਕ ਮੁਕਤ ਜੀਵਨ
ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇਨਸਾਨ ਕਿਸੇ ਨਾ ਕਿਸੇ ਰੂਪ ਵਿਚ ਬਿਮਾਰੀ (ਛੋਟੀ ਜਾਂ ਵੱਡੀ) ਤੋਂ ਪੀੜਤ ਹੈ। ਜੇਕਰ ਅਸੀਂ ਗੌਰ ਨਾਲ ਤੱਕੀਏ ਤਾਂ ਅਸੀਂ ਇਕ ਅਜਿਹੇ ਵਿਸ਼ੈਲੇ ਪਦਾਰਥ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ, ਜੋ ਸਾਡੀ ਸਿਹਤ ਲਈ ਹਰ ਪੱਖੋਂ ਨੁਕਸਾਨਦਾਇਕ ਹੈ, ਉਹ ਹੈ ਪਲਾਸਟਿਕ।
ਸਵੇਰੇ ਉੱਠਣ ਤੋਂ ਸ਼ੁਰੂ ਹੋ ਕੇ ਰਾਤ ਸੌਣ ਤੱਕ ਰੋਜ਼ਾਨਾ ਜੀਵਨ ਦੀਆਂ ਲਗਭਗ ਸਾਰੀਆਂ ਗਤੀਵਿਧੀਆਂ ਨਹਾਉਣਾ, ਖਾਣਾ-ਪੀਣਾ, ਸੌਣਾ-ਜਾਗਣਾ, ਭੋਜਨ ਪਕਾਉਣਾ, ਪਰੋਸਣਾ, ਖਰੀਦਦਾਰੀ, ਵੇਚਣਾ ਲਗਭਗ ਕੁਝ ਵੀ ਪਲਾਸਟਿਕ ਦੀ ਵਰਤੋਂ ਤੋਂ ਸੱਖਣਾ ਨਹੀਂ ਹੈ। ਪਲਾਸਟਿਕ ਇਕ ਅਜਿਹਾ ਵਿਸ਼ੈਲਾ ਪਦਾਰਥ ਹੈ, ਜੋ ਸਾਡੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ। ਇਸ ਦੀ ਵਰਤੋਂ ਨਾਲ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਨੇ ਪੈਰ ਪਸਾਰੇ ਹਨ। ਇਹ ਇੰਨਾ ਭਿਆਨਕ ਹੈ ਕਿ ਹਜ਼ਾਰਾਂ ਸਾਲ ਤੱਕ ਮਿੱਟੀ ਦੀ ਪਰਤ ਹੇਠਾਂ ਦਬਾਉਣ 'ਤੇ ਵੀ ਗਲਦਾ ਨਹੀਂ। ਗਲਣਸ਼ੀਲ ਹੋਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਵਿਗਿਆਨਿਕਾਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਭੋਜਨ ਪਦਾਰਥਾਂ ਨੂੰ ਗਰਮ ਹੋਣ 'ਤੇ ਪਲਾਸਟਿਕ ਦੇ ਕੰਟੇਨਰਾਂ ਜਾਂ ਡੱਬਿਆਂ ਜਾਂ ਭੋਜਨ ਖਾਣ ਵਾਲੇ ਪਲਾਸਟਿਕ ਦੇ ਬਰਤਨਾਂ ਵਿਚ ਪਾਉਣ ਨਾਲ ਕੈਂਸਰ ਵਰਗੀ ਬਿਮਾਰੀ ਦਾ ਕਾਰਨ ਬਣਦਾ ਹੈ। ਸੋ, ਅੱਜ ਸਾਨੂੰ ਇਸ ਪਲਾਸਟਿਕ ਵਰਗੇ ਭਿਆਨਕ ਪਦਾਰਥ ਤੋਂ ਮੁਕਤ ਹੋਣ ਦੀ ਲੋੜ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਲਾਸਟਿਕ ਦੇ ਬੈਗ, ਲਿਫਾਫੇ, ਬਰਤਨ ਆਦਿ ਦੀ ਵਰਤੋਂ 'ਤੇ ਆਪਣੇ ਪੱਧਰ 'ਤੇ ਹੀ ਰੋਕ ਲਾ ਦਈਏ। ਇਕ ਮਨੁੱਖ ਵਲੋਂ ਚੁੱਕਿਆ ਇਕ ਕਦਮ ਜਾਗ੍ਰਿਤੀ ਲਿਆ ਸਕਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਸਹਾਇਕ ਸਿੱਧ ਹੋ ਸਕਦਾ ਹੈ। ਸੋ, ਆਓ! ਪਲਾਸਟਿਕ ਮੁਕਤ ਹੋਈਏ ਅਤੇ ਤੰਦਰੁਸਤ ਜੀਵਨ ਜਿਊਈਏ।
-ਹਰਮੇਸ਼ ਸਿੰਘ
ਈ.ਟੀ.ਟੀ. ਅਧਿਆਪਕ, ਭਾਦਸੋਂ-2 ਪਟਿਆਲਾ।
ਖੇਤੀਬਾੜੀ ਅਰਥਵਿਵਸਥਾ ਤੇ ਕਿਸਾਨੀ ਸੰਕਟ
ਪਿਛਲੇ ਦਿਨੀਂ ਅਜੀਤ ਦੇ ਸਫ਼ਾ ਨੰਬਰ ਤਿੰਨ 'ਤੇ ਵੀਰਪਾਲ ਸਿੰਘ ਦੀ ਛਪੀ ਰਿਪੋਰਟ ਭਾਰਤੀ ਕਿਸਾਨ ਵਿਸ਼ਵ ਭਰ ਦੀ 27 ਫ਼ੀਸਦੀ ਆਬਾਦੀ ਦਾ ਢਿੱਡ ਭਰਨ ਵਿਚ ਮੋਹਰੀ ਹੈ, ਜਿੱਥੇ ਕਿਸਾਨਾਂ ਦੀ ਸਖ਼ਤ ਮਿਹਨਤ ਦੀ ਸ਼ਾਹਦੀ ਭਰਦੀ ਹੈ, ਉੱਥੇ ਇਸ ਤੋਂ ਅਰਥ ਵਿਵਸਥਾ ਨੂੰ ਹੁਲਾਰਾ ਦੇ ਕੇ ਦੇਸ਼ ਦੀ ਰਾਸ਼ਟਰੀ ਆਮਦਨ ਵਿਚ ਕਿਸਾਨਾਂ ਵਲੋਂ ਪਾਇਆ ਜਾ ਰਿਹਾ ਯੋਗਦਾਨ ਵੀ ਨਜ਼ਰ ਆਉਂਦਾ ਹੈ। ਬਾਬੇ ਨਾਨਕ ਦੀ ਬਾਣੀ ਨੇ ਕਰਤਾਰਪੁਰ ਦੀ ਧਰਤੀ 'ਤੇ ਖੇਤੀ ਕਰਕੇ ਖੇਤੀ ਦੇ ਖਿੱਤੇ ਨੂੰ ਵਡਿਆਇਆ ਪਰੰਤੂ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਕਹਾਵਤ ਖੇਤੀ ਕਰਮਾਂ ਸੇਤੀ ਅੱਜ ਵੀ ਵਿਗਿਆਨ ਅਤੇ ਤਕਨਾਲੋਜੀ ਦੇ ਨਾਲ-ਨਾਲ ਕਰਮਾਂ ਅਤੇ ਕੁਦਰਤ ਤੇ ਨਿਰਭਰ ਹੈ। ਪੱਕੀ ਫ਼ਸਲ 'ਤੇ ਮੀਂਹ ਪੈ ਜਾਵੇ ਤਾਂ ਕਿਸਾਨ ਕੱਖੋਂ ਹੌਲਾ ਹੋ ਜਾਂਦਾ ਹੈ ਤੇ ਸੋਕਾ ਪੈਣ ਨਾਲ ਫ਼ਸਲ ਨਹੀਂ ਹੁੰਦੀ। ਵਿਸ਼ਵ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਕਿਸਾਨ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰਥ ਹੈ। ਪੂਰੀ ਦੁਨੀਆ ਦਾ ਢਿੱਡ ਭਰਨ ਵਾਲਾ ਕਿਸਾਨ ਕਈ ਵਾਰ ਆਪ ਭੁੱਖਾ ਸੌਂਦਾ ਹੈ। ਕਾਰਪੋਰੇਟ ਦੀਆਂ ਜੇਬਾਂ ਭਰਨ ਵਾਲਾ ਕਿਸਾਨ ਖ਼ੁਦ ਘੱਟੋ-ਘੱਟ ਸਮਰਥਨ ਮੁੱਲ ਲਈ ਸੰਘਰਸ਼ ਕਰ ਰਿਹਾ ਹੈ। ਕਿਸਾਨ ਭਲਾਈ ਲਈ ਚਲ ਰਹੀਆਂ ਸਕੀਮਾਂ ਕਿਸਾਨਾਂ ਤੱਕ ਪਹੁੰਚਣ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਜਾਂਦੀਆਂ ਹਨ। ਸਰਕਾਰ ਦਾ ਵੀ ਫਰਜ਼ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈ ਕੇ ਉਨ੍ਹਾਂ ਦਾ ਫੌਰੀ ਹੱਲ ਕਰੇ ਤਾਂ ਜੋ ਕਿਸਾਨ ਵੀ ਆਪਣੇ ਪਰਿਵਾਰ ਨਾਲ ਖ਼ੁਸ਼ਹਾਲੀ ਦੀ ਜ਼ਿੰਦਗੀ ਜੀ ਸਕੇ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)