JALANDHAR WEATHER

ਓਵਲ ਟੈਸਟ : ਇੰਗਲੈਂਡ ਜਿੱਤ ਤੋਂ 35 ਦੌੜਾਂ ਦੂਰ, ਭਾਰਤ ਨੂੰ 4 ਵਿਕਟਾਂ ਦੀ ਤਲਾਸ਼

ਲੰਡਨ, 3 ਅਗਸਤ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ 5ਵੇਂ ਤੇ ਆਖਰੀ ਟੈਸਟ ਦੇ ਚੌਥੇ ਦਿਨ ਦੀ ਖੇਡ ਦੀ ਸ਼ੁਰੂਆਤ ਓਲੀ ਪੋਪ ਅਤੇ ਬੇਨ ਡਕੇਟ ਨੇ ਕੀਤੀ | ਇੰਗਲੈਂਡ ਨੂੰ ਜਿੱਤ ਲਈ 324 ਦੌੜਾਂ ਬਣਾਉਣੀਆਂ ਸਨ | ਜਿਸ ਦੇ ਚਲਦੇ ਬੇਨ ਡਕੇਟ ਨੇ 76 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 16ਵਾਂ ਅਰਧ ਸੈਂਕੜਾ ਪੂਰਾ ਕੀਤਾ | ਇੰਗਲੈਂਡ ਨੂੰ ਸ਼ੁਰੂਆਤੀ ਦੌਰ 'ਚ ਹੀ ਦੂਜਾ ਝਟਕਾ ਲੱਗਾ, ਜਦ ਪ੍ਰਸਿਧ ਕਿ੍ਸ਼ਨਾ ਨੇ ਬੇਨ ਡਕੇਟ ਨੂੰ ਕੇ.ਐਲ. ਰਾਹੁਲ ਹੱਥੋਂ ਕੈਚ ਕਰਵਾਇਆ | ਇਸ ਤੋਂ ਬਾਅਦ ਜੋ ਰੂਟ ਕਪਤਾਨ ਓਲੀ ਪੋਪ ਦਾ ਸਮਰਥਨ ਕਰਨ ਲਈ ਆਏ | ਮੁਹੰਮਦ ਸਿਰਾਜ ਨੇ ਇੰਗਲੈਂਡ ਨੂੰ ਤੀਜਾ ਝਟਕਾ ਦਿੰਦੇ ਹੋਏ ਕਪਤਾਨ ਓਲੀ ਪੋਪ ਨੂੰ ਐਲ.ਬੀ.ਡਬਲਯੂ. ਆਊਟ ਕਰ ਦਿੱਤਾ | ਇੰਗਲੈਂਡ ਨੇ ਤਿੰਨ ਵਿਕਟਾਂ 'ਤੇ 106 ਦੌੜਾਂ ਬਣਾਈਆਂ | ਹੈਰੀ ਬਰੂਕ ਜੋ ਰੂਟ ਦਾ ਸਾਥ ਦੇਣ ਲਈ ਕ੍ਰੀਜ਼ 'ਤੇ ਪਹੁੰਚੇ | ਇਸ ਦੌਰਾਨ ਹੀ ਖੇਡ ਨੇ ਆਪਣਾ ਰੁਖ ਬਦਲ ਲਿਆ | ਭਾਰਤ ਨੂੰ ਜੋ ਜਿੱਤ ਆਸਾਨ ਜਾਪ ਰਹੀ ਸੀ, ਉਹ ਭਾਰੀ ਮੁਸ਼ਕਿਲ 'ਚ ਤਬਦੀਲ ਹੋ ਗਈ | ਹੈਰੀ ਬਰੂਕ ਨੇ 37 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 14ਵਾਂ ਅਰਧ ਸੈਂਕੜਾ ਤੇ ਮੌਜੂਦਾ ਲੜੀ 'ਚ ਉਸਦਾ ਤੀਜਾ ਅਰਧ ਸੈਂਕੜਾ ਦਰਜ ਕੀਤਾ | ਇਸਦੇ ਨਾਲ ਹੀ ਉਹ 91 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 10ਵਾਂ ਸੈਂਕੜਾ ਪੂਰਾ ਕਰਨ 'ਚ ਕਾਮਯਾਬ ਰਿਹਾ | ਬਰੂਕ ਤੋਂ ਬਾਅਦ, ਜੋ ਰੂਟ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਹਾਲਾਂਕਿ, ਇੰਗਲੈਂਡ ਨੂੰ 301 ਦੇ ਸਕੋਰ 'ਤੇ ਚੌਥਾ ਝਟਕਾ ਲੱਗਾ | ਆਕਾਸ਼ ਦੀਪ ਨੇ ਹੈਰੀ ਬਰੂਕ ਨੂੰ ਮੁਹੰਮਦ ਸਿਰਾਜ ਹੱਥੋਂ ਕੈਚ ਕਰਵਾਇਆ | ਉਹ 98 ਗੇਂਦਾਂ 'ਚ 14 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ | ਦੋਵਾਂ ਬੱਲੇਬਾਜ਼ਾਂ ਵਿਚਕਾਰ 195 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ | ਇਸ ਮਗਰੋਂ ਜੈਕਬ ਬੈਥਲ ਰੂਟ ਦਾ ਸਾਥ ਕਰਨ ਲਈ ਆਏ | ਜੋ ਰੂਟ ਨੇ 101 ਗੇਂਦਾਂ 'ਚ ਆਪਣਾ 39ਵਾਂ ਟੈਸਟ ਸੈਂਕੜਾ ਪੂਰਾ ਕੀਤਾ | ਜਿਸ ਮਗਰੋਂ ਪ੍ਰਸਿਧ ਕਿ੍ਸ਼ਨਾ ਨੇ ਜੈਕਬ ਬੈਥਲ ਨੂੰ ਬੋਲਡ ਕਰਦੇ ਹੋਏ ਇੰਗਲੈਂਡ ਨੂੰ 5ਵਾਂ ਝਟਕਾ ਦਿੱਤਾ | ਇੰਗਲੈਂਡ ਦੀ 6ਵੀਂ ਵਿਕਟ ਲਈ ਪ੍ਰਸਿਧ ਕਿ੍ਸ਼ਨਾ ਨੇ ਜੋ ਰੂਟ ਨੂੰ ਆਪਣਾ ਸ਼ਿਕਾਰ ਬਣਾਇਆ | ਅੱਜ ਚੌਥੇ ਦਿਨ ਦੀ ਖੇਡ ਦੀ ਸਮਾਪਤੀ 'ਤੇ ਜੈਮੀ ਓਵਰਟਨ ਜੈਮੀ ਸਮਿਥ ਕ੍ਰੀਜ਼ 'ਤੇ ਮੌਜੂਦ ਸਨ | ਇੰਗਲੈਂਡ ਨੇ 6 ਵਿਕਟਾਂ ਦੇ ਨੁਕਸਾਨ 'ਤੇ 339 ਦੌੜਾਂ ਬਣਾ ਲਈਆਂ ਹਨ, ਜਿਸ ਨਾਲ ਹੁਣ ਮੇਜ਼ਬਾਨ ਟੀਮ ਜਿੱਤ ਤੋਂ ਸਿਰਫ਼ 35 ਦੌੜਾਂ ਦੂਰ ਹੈ | ਇਸੇ ਤਰਾਂ ਜਿੱਤ ਲਈ ਭਾਰਤ ਨੂੰ 4 ਵਿਕਟਾਂ ਦੀ ਤਲਾਸ਼ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ