ਪੱਛਮੀ ਵਰਜੀਨੀਆ ਵਿਖੇ ਕਾਰ ਹਾਦਸੇ 'ਚ ਭਾਰਤੀ ਮੂਲ ਦੇ 4 ਬਜ਼ੁਰਗਾਂ ਦੀ ਮੌਤ

ਨਿਊਯਾਰਕ, 3 ਅਗਸਤ (ਪੀ.ਟੀ.ਆਈ.)-ਨਿਊਯਾਰਕ ਤੋਂ ਅਮਰੀਕਾ ਦੇ ਪੱਛਮੀ ਵਰਜੀਨੀਆ ਜਾ ਰਹੇ ਭਾਰਤੀ ਮੂਲ ਦੇ 4 ਬਜ਼ੁਰਗਾਂ ਦੀ ਮੌਤ ਹੋ ਗਈ | ਇਹ ਸਾਰੇ ਲੋਕ ਇਕ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ ਨਿਕਲੇ ਸਨ, ਪਰ ਉਨ੍ਹਾਂ ਦੀ ਕਾਰ ਰਸਤੇ 'ਚ ਖੱਡ 'ਚ ਡਿੱਗ ਗਈ | ਇਸ ਘਟਨਾ ਦੀ ਪੁਸ਼ਟੀ ਮਾਰਸ਼ਲ ਕਾਉਂਟੀ ਸ਼ੈਰਿਫ ਮਾਈਕ ਡੌਗਰਟੀ ਨੇ ਕੀਤੀ | ਮਿ੍ਤਕਾਂ ਦੀ ਪਛਾਣ ਆਸ਼ਾ ਦੀਵਾਨ (85), ਕਿਸ਼ੋਰ ਦੀਵਾਨ (89), ਸ਼ੈਲੇਸ਼ ਦੀਵਾਨ (86) ਅਤੇ ਗੀਤਾ ਦੀਵਾਨ (84) ਵਜੋਂ ਹੋਈ ਹੈ | ਇਹ ਸਾਰੇ ਲੋਕ ਆਖਰੀ ਵਾਰ 29 ਜੁਲਾਈ ਨੂੰ ਦੇਖੇ ਗਏ ਸਨ | ਜਾਣਕਾਰੀ ਅਨੁਸਾਰ, ਇਨ੍ਹਾਂ ਬਜ਼ੁਰਗਾਂ ਨੂੰ ਆਖਰੀ ਵਾਰ 29 ਜੁਲਾਈ ਨੂੰ ਪੈਨਸਿਲਵੇਨੀਆ ਦੇ ਇਕ ਬਰਗਰ ਕਿੰਗ ਰੈਸਟੋਰੈਂਟ 'ਚ ਦੇਖਿਆ ਗਿਆ ਸੀ | ਹਾਦਸੇ 'ਚ ਸ਼ਾਮਲ ਕਾਰ ਤੇ 4 ਲਾਸ਼ਾਂ ਸ਼ਨੀਵਾਰ ਰਾਤ ਨੂੰ ਲਗਭਗ 9.30 ਵਜੇ ਇਕ ਢਲਾਣ ਵਾਲੀ ਖੱਡ 'ਚੋਂ ਮਿਲੀਆਂ | ਬਚਾਅ ਟੀਮ 5 ਘੰਟਿਆਂ ਤੋਂ ਵੱਧ ਸਮੇਂ ਤੱਕ ਉੱਥੇ ਰਹੀ | ਸ਼ੈਰਿਫ ਮਾਈਕ ਡੌਗਰਟੀ ਨੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਤੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਮਾਰਸ਼ਲ ਤੇ ਓਹੀਓ ਕਾਉਂਟੀ ਦੇ ਅਧਿਕਾਰੀਆਂ ਨੇ ਆਲੇ ਦੁਆਲੇ ਦੇ ਇਲਾਕਿਆਂ 'ਚ ਇਕ ਖੋਜ ਮੁਹਿੰਮ ਚਲਾਈ ਸੀ | ਕੌਂਸਲ ਆਫ਼ ਹੈਰੀਟੇਜ ਐਂਡ ਆਰਟਸ ਆਫ਼ ਇੰਡੀਆ ਨਾਮਕ ਇਕ ਸੰਸਥਾ ਨੇ ਵੀ ਉਨ੍ਹਾਂ ਨੂੰ ਲੱਭਣ 'ਚ ਮਦਦ ਕੀਤੀ |