ਅਮਰੀਕਾ 'ਚ ਸੀ.ਡੀ.ਸੀ. ਹੈੱਡਕੁਆਰਟਰ ਨੇੜੇ ਗੋਲੀਬਾਰੀ-ਪੁਲਿਸ ਅਧਿਕਾਰੀ ਦੀ ਮੌਤ

ਅਟਲਾਂਟਾ, 9 ਅਗਸਤ (ਏਜੰਸੀ)-ਅਟਲਾਂਟਾ 'ਚ ਯੂ.ਐਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਹੈਡਕੁਆਰਟਰ ਦੇ ਬਾਹਰ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ 'ਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀ ਦੀ ਲਾਸ਼ ਬਾਅਦ 'ਚ ਕੈਂਪਸ ਦੇ ਪਾਰ ਇਕ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਮਿਲੀ | ਡਾਇਰੈਕਟਰ ਸੁਜ਼ੈਨ ਮੋਨਾਰੇਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਇਸ ਘਟਨਾ 'ਚ ਘੱਟੋ-ਘੱਟ 4 ਸੀ.ਡੀ.ਸੀ. ਇਮਾਰਤਾਂ ਪ੍ਰਭਾਵਿਤ ਹੋਈਆਂ | ਕਰਮਚਾਰੀਆਂ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ 'ਚ ਏਜੰਸੀ ਦੀਆਂ ਕਈ ਇਮਾਰਤਾਂ ਦੀਆਂ ਖਿੜਕੀਆਂ 'ਤੇ ਗੋਲੀਆਂ ਦੇ ਨਿਸ਼ਾਨ ਦਿਖਾਈ ਦਿੱਤੇ | ਇਹ ਦਰਸਾਉਂਦਾ ਹੈ ਕਿ ਇਸ ਘਟਨਾ ਨੇ ਉਸ ਜਗ੍ਹਾ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ ਜਿੱਥੇ ਹਜ਼ਾਰਾਂ ਵਿਗਿਆਨੀ ਅਤੇ ਕਰਮਚਾਰੀ ਗੰਭੀਰ ਬਿਮਾਰੀਆਂ 'ਤੇ ਖੋਜ ਕਰਦੇ ਹਨ | ਅਟਲਾਂਟਾ ਪੁਲਿਸ ਮੁਖੀ ਡੈਰਿਨ ਸ਼ੀਅਰਬੌਮ ਨੇ ਕਿਹਾ ਕਿ ਬੰਦੂਕਧਾਰੀ ਸੀ.ਡੀ.ਸੀ. ਕੈਂਪਸ ਤੋਂ ਪਾਰ ਇਕ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਮਿਲਿਆ ਸੀ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਸਾਨੂੰ ਇਸ ਸਮੇਂ ਨਹੀਂ ਪਤਾ ਕਿ (ਬੰਦੂਕਧਾਰੀ) ਅਧਿਕਾਰੀਆਂ ਦੀਆਂ ਗੋਲੀਆਂ ਨਾਲ ਮਾਰਿਆ ਗਿਆ ਸੀ ਜਾਂ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ |