ਲੈਂਡ ਪੂਲਿੰਗ ਪਾਲਿਸੀ ਖਿਲਾਫ਼ ਸੁਖਬੀਰ ਬਾਦਲ ਪੁੱਜੇ ਜਗਰਾਓਂ

ਜਗਰਾਉਂ, (ਲੁਧਿਆਣਾ), 11 ਜੁਲਾਈ (ਕੁਲਦੀਪ ਸਿੰਘ ਲੋਹਟ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਅਹੁਦੇਦਾਰ ਨਾਲ ਮੀਟਿੰਗ ਕਰਨ ਪੁੱਜੇ ਹਨ। ਸ. ਬਾਦਲ ਦੇ ਸਵਾਗਤ ਲਈ ਕੋਰ ਕਮੇਟੀ ਮੈਂਬਰ ਐਸ. ਆਰ. ਕਲੇਰ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਸ. ਬਾਦਲ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਗਰਾਉਂ ਇਲਾਕੇ ਦੇ 4 ਪਿੰਡਾਂ ਦੀ ਅਕਵਾਇਰ ਕੀਤੀ ਜਾ ਰਹੀ 511 ਏਕੜ ਜ਼ਮੀਨ ਦੇ ਪੀੜ੍ਹਤ ਕਿਸਾਨਾਂ ਨੂੰ ਵੀ ਮਿਲਣਗੇ।
ਇੱਥੇ ਦੱਸਣਯੋਗ ਹੈ ਕਿ ਜਗਰਾਉਂ ਇਲਾਕੇ ਦੇ ਚਾਰ ਪਿੰਡਾਂ ਦੇ ਲੋਕ ਆਪਣੀ ਜ਼ਮੀਨ ਅਕਵਾਇਰ ਹੋਣ ਤੋਂ ਪਹਿਲਾਂ ਹੀ ਵਿਸ਼ਾਲ ਕਿਸਾਨ ਇਕੱਤਰਤਾ ਨਾਲ ਸਰਕਾਰ ਦੀ ਇਸ ਲੈਂਡ ਪੂਲਿੰਗ ਪਾਲਿਸੀ ਖਿਲਾਫ਼ ਸੰਘਰਸ਼ ਛੇੜ ਚੁੱਕੇ ਹਨ ਤੇ ਇਸ ਸੰਘਰਸ਼ ਤੋਂ ਬਾਅਦ ਹੀ ਚਾਰ ਪਿੰਡਾਂ ਦੀ ਬਣੀ ਸਾਂਝੀ ਐਕਸ਼ਨ ਕਮੇਟੀ ਦੇ ਸਰਗਰਮ ਆਗੂ ਦੀਦਾਰ ਸਿੰਘ ਮਲਕ ’ਤੇ ਇਕ ਪੁਰਾਣੇ ਝਗੜੇ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਮਾਮਲੇ ਨੂੰ ਲੈ ਸਥਾਨਕ ਅਕਾਲੀ ਦਲ ਵਲੋਂ ਬੀਤੇ ਕੱਲ ਐਸ.ਐਸ.ਪੀ ਡਾ.ਅੰਕੁਰ ਨੂੰ ਇਹ ਮਾਮਲਾ ਖਾਰਜ਼ ਕਰਨ ਲਈ ਮੰਗ ਪੱਤਰ ਵੀ ਸੌਂਪਿਆ ਸੀ।
ਇਸ ਸੰਬੰਧੀ ਸੁਖਬੀਰ ਸਿੰਘ ਬਾਦਲ ਲੈਂਡ ਪੂਲਿੰਗ ਪਾਲਿਸੀ ਅਤੇ ਚੇਅਰਮੈਨ ਮਲਕ ’ਤੇ ਦਰਜ ਮਾਮਲੇ ਸੰਬੰਧੀ ਅੱਜ ਪ੍ਰੈਸ ਕਾਨਫ਼ਰੰਸ ਕਰਨਗੇ। ਉਸ ਤੋਂ ਬਾਅਦ ਉਹ ਚਾਰ ਪਿੰਡਾਂ ਦੇ ਪੀੜ੍ਹਤ ਕਿਸਾਨਾਂ ਨਾਲ ਮੁਲਾਕਾਤ ਵੀ ਕਰਨਗੇ।