ਵਿਦਿਆਰਥਣਾਂ ਨਾਲ ਸ਼ੋਸ਼ਣ ਕਰਨ ਵਾਲੇ ਅਧਿਆਪਕ ਖਿਲਾਫ ਮਾਮਲਾ ਦਰਜ

ਗੁਰੂਹਰਸਹਾਏ, 11 ਜੁਲਾਈ (ਕਪਿਲ ਕੰਧਾਰੀ)-ਇਥੋਂ ਦੇ ਇਕ ਅਧਿਆਪਕ ਵਲੋਂ 12 ਤੋਂ 15 ਸਾਲ ਦੀਆਂ ਵਿਦਿਆਰਥਣਾਂ ਨਾਲ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਵਿਦਿਆਰਥਣਾਂ ਵਲੋਂ ਇਸ ਸਾਰੇ ਮਾਮਲੇ ਸਬੰਧੀ ਸਕੂਲ ਪ੍ਰਿੰਸੀਪਲ ਨੂੰ ਦੱਸਿਆ ਗਿਆ ਅਤੇ ਪ੍ਰਿੰਸੀਪਲ ਵਲੋਂ ਤੁਰੰਤ ਕਾਰਵਾਈ ਕਰਦਿਆਂ ਇਸ ਦੀ ਸਾਰੀ ਰਿਪੋਰਟ ਬਣਾ ਕੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜੀ ਗਈ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਇਸ ਸਬੰਧੀ ਚੰਡੀਗੜ੍ਹ ਵਿਖੇ ਡੀ. ਪੀ. ਆਈ. ਨੂੰ ਆਪਣੀ ਰਿਪੋਰਟ ਬਣਾ ਕੇ ਭੇਜ ਦਿੱਤੀ ਗਈ। ਅੱਜ ਇਸ ਮਸਲੇ ਨੂੰ ਲੈ ਕੇ ਸਕੂਲ ਵਿਖੇ ਡੀ.ਐਸ.ਪੀ. ਸਤਨਾਮ ਸਿੰਘ, ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਹੁੰਚੇ। ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਸਾਰੀ ਗੱਲਬਾਤ ਸੁਣੀ।
ਉਨ੍ਹਾਂ ਦੱਸਿਆ ਕਿ ਸਕੂਲ ਦੇ ਅਧਿਆਪਕ ਵਲੋਂ ਉਨ੍ਹਾਂ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਅਤੇ ਇਸ ਗੱਲ ਨੂੰ ਦਬਾਉਣ ਲਈ ਸਾਡੇ ਉਤੇ ਸਕੂਲ ਦੇ ਹੋਰ ਅਧਿਆਪਕਾਂ ਵਲੋਂ ਵੀ ਦਬਾਅ ਬਣਾਇਆ ਗਿਆ ਅਤੇ ਇਕ ਅਧਿਆਪਕ ਨੇ ਇਥੋਂ ਤੱਕ ਸਾਨੂੰ ਕਿਹਾ ਕਿ ਜੇਕਰ ਤੁਸੀਂ ਇਸ ਗੱਲ ਨੂੰ ਵਧਾਇਆ ਤਾਂ ਹੋ ਸਕਦਾ ਹੈ ਕਿ ਅਧਿਆਪਕ ਖੁਦਕੁਸ਼ੀ ਕਰ ਲਵੇ। ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਕੀ ਅਧਿਆਪਕਾਂ ਦੀ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਤੇ ਜੇਕਰ ਉਹ ਵੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।