ਸਰਦਾਰਗੜ੍ਹ 'ਚ ਨਾਬਾਲਿਗ ਲੜਕੀ ਦਾ ਕਤਲ, 5 ਦਿਨਾਂ ਤੋਂ ਸੀ ਲਾਪਤਾ

ਮਹਿਮਾ ਸਰਜਾ, 11 ਜੁਲਾਈ (ਬਲਦੇਵ ਸੰਧੂ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ੍ਹ ਵਿਚ ਇਕ ਝੋਨੇ ਦੇ ਖੇਤ 'ਚੋਂ ਨਾਬਾਲਿਗ ਲੜਕੀ ਦੀ ਲਾਸ਼ ਮਿਲਣ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕਾ ਸਰਦਾਰਗੜ੍ਹ ਦੀ ਰਹਿਣ ਵਾਲੀ ਹੈ। ਲਾਸ਼ ਦੀ ਬਰਾਮਦਗੀ ਉਪਰੰਤ ਸਥਾਨਕ ਪੁਲਿਸ ਵਲੋਂ ਸਹਾਰਾ ਜਨ ਸੇਵਾ ਟੀਮ ਦੇ ਸਹਿਯੋਗ ਨਾਲ ਲਾਸ਼ ਨੂੰ ਖੇਤ 'ਚੋਂ ਬਾਹਰ ਕੱਢਿਆ ਗਿਆ। ਘਟਨਾ ਸਥਾਨ 'ਤੇ ਬਠਿੰਡਾ ਦਿਹਾਤੀ ਦੇ ਡੀ.ਐਸ.ਪੀ. ਸਰਬਜੀਤ ਸਿੰਘ ਬਰਾੜ ਖੁਦ ਮੌਜੂਦ ਰਹੇ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਪੰਜ ਦਿਨ ਪਹਿਲਾਂ ਸਵੇਰੇ ਸੈਰ ਕਰਨ ਗਈ ਸੀ ਪਰ ਵਾਪਸ ਨਹੀਂ ਆਈ। ਉਹ ਗਿੱਦੜਬਾਹਾ ਵਿਖੇ ਦਸਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਸੀ। ਪਰਿਵਾਰ ਵਲੋਂ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਚੌਕੀ ਬੱਲੂਆਣਾ ਵਿਖੇ ਦਰਜ ਕਰਵਾਈ ਗਈ। ਇਸ ਮਾਮਲੇ ਸਬੰਧੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਚੌਕੀ ਬੱਲੂਆਣਾ ਵਿਖੇ ਕੱਲ੍ਹ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਹਵਾਲੇ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਪਿੰਡ ਵਾਸੀਆਂ ਨੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਹਵਾਲੇ ਕੀਤਾ। ਉਧਰ ਚੌਕੀ ਬੱਲੂਆਣਾ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਕਿਹਾ ਕਿ ਮੁਕੱਦਮੇ ਵਿਚ ਧਾਰਾ 302 ਤਹਿਤ ਵਾਧਾ ਕਰਕੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਦੋਸ਼ੀ ਬਲਜੀਤ ਰਾਮ ਪਿੰਡ ਸਰਦਾਰਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਅਗਲੇਰੀ ਜਾਂਚ ਥਾਣਾ ਸਦਰ ਬਠਿੰਡਾ ਦੇ ਐਸ. ਐਚ. ਓ. ਕਰ ਰਹੇ ਹਨ।