ਪੰਚਾਇਤੀ ਜ਼ਮੀਨ ਨੂੰ ਲੈ ਕੇ 2 ਪਿੰਡ ਹੋਏ ਆਹਮੋ-ਸਾਹਮਣੇ, ਲਾਇਆ ਧਰਨਾ

ਨਵਾਂਸ਼ਹਿਰ, 11 ਜੁਲਾਈ (ਜਸਬੀਰ ਸਿੰਘ ਨੂਰਪੁਰ, ਹਰਮੇਲ ਸਿੰਘ ਸਹੂੰਗੜਾ)-ਗ੍ਰਾਮ ਪੰਚਾਇਤ ਟੋਰੋਵਾਲ ਤੇ ਪੱਤੀ ਰੋੜੀ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋਵਾਂ ਪਿੰਡਾਂ ਦਾ ਆਪਸ ਵਿਚ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਨੂੰ ਲੈ ਕੇ ਪਿੰਡ ਟੋਰੋਵਾਲ ਦੇ ਵਸਨੀਕਾਂ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਲਿੰਕ ਰੋਡ ਉਤੇ ਧਰਨਾ ਲਗਾ ਦਿੱਤਾ ਤੇ ਆਵਾਜਾਈ ਠੱਪ ਕਰ ਦਿੱਤੀ ਜਦੋਂ ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਕਾਮਰੇਡ ਅੱਛਰ ਸਿੰਘ ਤੇ ਆਤਮਾ ਰਾਮ ਨੇ ਦੱਸਿਆ ਕਿ ਇਹ ਜ਼ਮੀਨ ਲਗਭਗ 20 ਸਾਲਾਂ ਤੋਂ ਪਿੰਡ ਟੋਰੋਵਾਲ ਦੇ ਨਾਂਅ ਬੋਲਦੀ ਹੈ ਤੇ ਅੱਜ ਪੱਤੀ ਰੌੜੀ ਦੀ ਪੰਚਾਇਤ ਨੇ ਪ੍ਰਸ਼ਾਸਨ ਨਾਲ ਮਿਲ ਕੇ ਜਾਂ ਕਿਸੇ ਦੇ ਦਬਾਅ ਹੇਠ ਆ ਕੇ ਇਸ ਜ਼ਮੀਨ ਉੱਪਰ ਕੰਡਿਆਲੀ ਤਾਰ ਲਾ ਕੇ ਵਾੜ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਉਤੇ ਪ੍ਰਸ਼ਾਸਨ ਨੇ ਤੇ ਪੰਚਾਇਤ ਵਿਭਾਗ ਨੇ ਆ ਕੇ ਤਾਰ ਲਵਾਈ ਹੈ, ਉਸ ਵਿਚ ਸਾਡਾ ਸ਼ਮਸ਼ਾਨਘਾਟ ਵੀ ਹੈ ਤੇ ਸਾਨੂੰ ਲੰਘਣ ਨੂੰ ਕੋਈ ਵੀ ਰਸਤਾ ਨਹੀਂ ਹੈ। ਦੂਜੇ ਪਾਸੇ ਸਰਪੰਚ ਫਤਿਹ ਸਿੰਘ ਨੇ ਦੱਸਿਆ ਕਿ ਪੱਤੀ ਲੋੜੀ ਦੀ ਜ਼ਮੀਨ ਰਤਨ ਸਿੰਘ ਪੱਤੀ ਰੋੜੀ ਦੇ ਨਾਂਅ ਲੰਬੜਦਾਰ ਫੁੰਗਣ ਸਿੰਘ ਦੇ ਨਾਂਅ ਬੋਲਦੀ ਹੈ ਤੇ ਇਸ ਜ਼ਮੀਨ ਦੇ ਸਾਡੇ ਕੋਲ ਸਾਰੇ ਕਾਗਜ਼ ਤੇ ਸਬੂਤ ਵੀ ਹਨ, ਉਧਰ ਪਿੰਡ ਟੋਰੋਵਾਲ ਦੀ ਸਰਪੰਚ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਤਿੰਨ ਹਿੱਸਿਆਂ ਵਿਚ ਸੀ ਤੇ ਅਸੀਂ ਇਕ ਹਿੱਸਾ ਪਹਿਲਾਂ ਹੀ ਪੱਤੀ ਰੋੜੀ ਨੂੰ ਦੇ ਚੁੱਕੇ ਹਾਂ। ਇਹ ਜੋ ਜ਼ਮੀਨ ਹੈ, ਇਹ ਜ਼ਮੀਨ ਪਿੰਡ ਟੂਰੋਵਾਲ ਦੇ ਵਸਨੀਕਾਂ ਦੀ ਹੈ ਤੇ ਅੱਜ ਸਾਡੀ ਗੈਰ-ਹਾਜ਼ਰੀ ਵਿਚ ਪੱਤੀ ਰੌੜੀ ਦੀ ਪੰਚਾਇਤ ਤੇ ਪੰਚਾਇਤ ਵਿਭਾਗ ਅਤੇ ਪ੍ਰਸ਼ਾਸਨ ਨੇ ਮਿਲ ਕੇ ਇਸ ਜਗ੍ਹਾ ਉੱਪਰ ਕੰਡਿਆਲੀ ਤਾਰ ਲਗਾ ਕੇ ਲੋਕਾਂ ਨੂੰ ਲੰਘਣ ਤੋਂ ਵੀ ਰਸਤੇ ਨੂੰ ਬੰਦ ਕਰ ਦਿੱਤਾ ਹੈ।
ਇਸ ਸਬੰਧੀ ਜਦੋਂ ਬੀ.ਡੀ.ਪੀ.ਓ. ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਜਿਹੜੀ ਜ਼ਮੀਨ ਹੈ, ਪਿੰਡ ਪੱਤੀ ਰੋੜੀ ਦੀ ਜ਼ਮੀਨ ਹੈ ਤੇ ਕੁਝ ਟੋਰੋਵਾਲ ਦੇ ਲੋਕ ਇਹ ਕਹਿ ਰਹੇ ਕਿ ਸਾਡੀ ਜ਼ਮੀਨ ਹੈ, ਅਸੀਂ ਇਨ੍ਹਾਂ ਨੂੰ ਦੋਵੇਂ ਜ਼ਮੀਨਾਂ ਪੰਚਾਇਤਾਂ ਨੂੰ ਮਤੇ ਪਾ ਕੇ ਦੇਣ ਲਈ ਕਹਿ ਦਿੱਤਾ ਹੈ ਤੇ ਨਕਸ਼ੇ ਮੁਤਾਬਕ ਜਿਸਦੀ ਵੀ ਜ਼ਮੀਨ ਹੋਵੇਗੀ, ਅਸੀਂ ਇਹ ਜ਼ਮੀਨ ਉਸਨੂੰ ਦੇ ਦੇਵਾਂਗੇ।