ਇਨਸਾਫ ਲਈ 9 ਮਹੀਨਿਆਂ ਦੀ ਗਰਭਵਤੀ ਔਰਤ ਨੇ ਲਗਾਇਆ ਧਰਨਾ

ਨਵਾਂਸ਼ਹਿਰ, 11 ਜੁਲਾਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਪੁਲਿਸ ਨੂੰ ਉਸ ਸਮੇਂ ਵਖਤ ਪੈ ਗਿਆ ਜਦੋਂ ਇਨਸਾਫ ਲਈ ਭਟਕਦੀ ਇਕ ਔਰਤ ਰਵੀਸ਼ ਨੇ ਚੰਡੀਗੜ੍ਹ ਚੌਕ ਵਿਚ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਹ 9 ਮਹੀਨਿਆਂ ਦੀ ਗਰਭਵਤੀ ਹੈ ਅਤੇ ਉਸ ਨਾਲ ਪਰਿਵਾਰਿਕ ਮੈਂਬਰਾਂ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਉਹ ਵੱਖ-ਵੱਖ ਦਫਤਰਾਂ ਵਿਚ ਇਨਸਾਫ ਦੀ ਮੰਗ ਲਈ ਪਿਛਲੇ ਛੇ ਮਹੀਨਿਆਂ ਤੋਂ ਘੁੰਮ ਰਹੀ ਹੈ ਅਤੇ ਇਕ ਪਹੁੰਚ ਵਾਲੇ ਵਿਅਕਤੀ ਦੇ ਪ੍ਰਭਾਵ ਕਾਰਨ ਕੋਈ ਕਾਰਵਾਈ ਨਹੀਂ ਹੋ ਰਹੀ। ਉਸ ਦੀ ਕਿਸੇ ਦਫਤਰ ਨੇ ਸੁਣਵਾਈ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਉਹ ਰਾਤਾਂ ਗੁਰਦੁਆਰਿਆਂ ਵਿਚ ਆਪਣੇ ਬੱਚਿਆਂ ਨੂੰ ਲੈ ਕੇ ਕੱਟ ਰਹੀ ਹੈ। ਉਸ ਨੂੰ ਘਰ ਨਹੀਂ ਵੜਨ ਦਿੱਤਾ ਜਾ ਰਿਹਾ। ਥਾਣਾ ਮੁਖੀ ਅਵਤਾਰ ਸਿੰਘ ਨੇ ਆ ਕੇ ਧਰਨਾ ਚੁਕਾਇਆ ਅਤੇ ਔਰਤ ਨੂੰ ਦੱਸਿਆ ਕਿ ਉਸ ਨੂੰ ਇਨਸਾਫ ਮਿਲੇਗਾ। ਉਨ੍ਹਾਂ ਨੇ ਆਪਣੀ ਗੱਡੀ ਵਿਚ ਉਨ੍ਹਾਂ ਨੂੰ ਥਾਣਾ ਸਦਰ ਬੰਗਾ ਭੇਜਿਆ ਅਤੇ ਕਾਰਵਾਈ ਲਈ ਸਬੰਧਿਤ ਥਾਣੇ ਨੂੰ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਦੇ ਆਦੇਸ਼ ਸਦਕਾ ਕਥਿਤ ਦੋਸ਼ੀਆਂ ਉਤੇ ਕਾਰਵਾਈ ਕੀਤੀ ਜਾਵੇਗੀ।