ਭਾਜਪਾ ਆਗੂਆਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ 'ਚ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ-ਪੱਤਰ

ਜੈਤੋ, 11 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੇ ਨਿਰਦੇਸ਼ਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਸੇਵੇਵਾਲਾ, ਸਰਕਲ ਪ੍ਰਧਾਨ ਰਵਿੰਦਰ ਤਾਇਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਭੀ ਮਿੱਤਲ ਦੀ ਅਗਵਾਈ ਵਿਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਇਕ ਮੰਗ- ਪੱਤਰ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੈਤੋ ਨੂੰ ਸੌਂਪਿਆ।
ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਜਗਰਾਉਂ ਇਲਾਕੇ ਦੇ 4 ਪਿੰਡਾਂ ਦੀ ਅਕਵਾਇਰ ਕੀਤੀ ਜਾ ਰਹੀ 511 ਏਕੜ ਜ਼ਮੀਨ ਦੇ ਪੀੜਤ ਕਿਸਾਨਾਂ ਨਾਲ ਪੰਜਾਬ ਭਾਜਪਾ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਵਾਸੀਆਂ ਲਈ ਬਹੁਤ ਮਾੜੀ ਹੈ ਤੇ ਪੰਜਾਬ ਦੇ ਲੋਕ ਅਜਿਹੀਆਂ ਨੀਤੀਆਂ ਦਾ ਵਿਰੋਧ ਕਰਦੇ ਰਹੇ ਹਨ ਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ। ਇਸ ਮੌਕੇ ਸੀਨੀਅਰ ਆਗੂ ਰਾਮ ਰਤਨ ਜਿੰਦਲ, ਕੌਰ ਸਿੰਘ ਸਰਾਵਾਂ, ਡਾ. ਰਮਨਦੀਪ ਸਿੰਘ, ਪੰਕਜ ਸ਼ਰਮਾ, ਗੋਪਾਲ ਗੋਇਲ, ਰਾਮ ਅਵਤਾਰ ਵਰਮਾ ਅਤੇ ਯੂਥ ਆਗੂ ਰਣਬੀਰ ਸਿੰਘ ਸੇਵੇਵਾਲਾ ਆਦਿ ਮੌਜੂਦ ਸਨ।