JALANDHAR WEATHER

India vs England ਤੀਜਾ ਟੈਸਟ : ਦੂਜੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 387 'ਤੇ ਸਿਮਟੀ

ਲੰਡਨ, 10 ਜੁਲਾਈ-ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2024-25 ਲਈ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਇੰਡਲੈਂਡ ਦੀ ਪਹਿਲੀ ਪਾਰੀ 387 ਦੌੜਾਂ ਉਤੇ ਸਿਮਟ ਗਈ ਹੈ। ਲੰਡਨ ਦੇ ਲਾਰਡਜ਼ ਕ੍ਰਿਕਟ ਗਰਾਊਂਡ 'ਚ ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲੇ ਦਿਨ ਦੀ ਖੇਡ ਦੀ ਸਮਾਪਤੀ 'ਤੇ ਇੰਗਲੈਂਡ ਨੇ 4 ਵਿਕਟਾਂ ਦੇ ਨੁਕਸਾਨ 'ਤੇ 251 ਦੌੜਾਂ ਬਣਾਈਆਂ ਸਨ। 112 ਓਵਰ 3 ਗੇਂਦਾਂ ਖੇਡਣ ਤੋਂ ਬਾਅਦ ਇੰਗਲੈਂਡ ਦੀ ਪਹਿਲੀ ਪਾਰੀ ਆਲ ਆਊਟ ਹੋ ਗਈ।

ਸ਼ੁੱਕਰਵਾਰ ਨੂੰ ਮੈਚ ਦੇ ਦੂਜੇ ਦਿਨ ਇੰਗਲੈਂਡ ਨੇ 251/4 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਲੰਚ ਤੋਂ ਪਹਿਲਾਂ ਇੰਗਲੈਂਡ ਟੀਮ ਨੇ 271 ਦੌੜਾਂ 'ਤੇ 7 ਵਿਕਟਾਂ ਗੁਆ ਦਿੱਤੀਆਂ ਸਨ। ਇਥੋਂ, ਜੈਮੀ ਸਮਿਥ (51 ਦੌੜਾਂ) ਨੇ ਬ੍ਰਾਇਡਨ ਕਾਰਸੇ (56 ਦੌੜਾਂ) ਨਾਲ ਮਿਲ ਕੇ 8ਵੀਂ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਸਕੋਰ 350 ਤੋਂ ਪਾਰ ਲੈ ਗਿਆ। ਅੱਜ ਲਾਰਡਜ਼ ਦੇ ਮੈਦਾਨ 'ਤੇ 99 ਦੌੜਾਂ ਨਾਲ ਪਾਰੀ ਦੀ ਅਗਵਾਈ ਕਰਨ ਵਾਲੇ ਜੋ ਰੂਟ ਨੇ 104 ਦੌੜਾਂ ਬਣਾਈਆਂ। ਉਨ੍ਹਾਂ ਨੂੰ ਜਸਪ੍ਰੀਤ ਬੁਮਰਾਹ ਨੇ ਬੋਲਡ ਕੀਤਾ। ਬੁਮਰਾਹ ਨੇ ਪਾਰੀ ਵਿਚ 5 ਵਿਕਟਾਂ ਲਈਆਂ। ਉਨ੍ਹਾਂ ਨੇ ਇਸ ਲੜੀ ਵਿਚ ਦੂਜੀ ਵਾਰ ਅਤੇ ਆਪਣੇ ਕਰੀਅਰ ਵਿਚ 15ਵੀਂ ਵਾਰ ਇਕ ਪਾਰੀ ਵਿਚ 5 ਵਿਕਟਾਂ ਲਈਆਂ ਹਨ। 

ਜੈਮੀ ਸਮਿਥ 51 ਦੌੜਾਂ ਬਣਾ ਕੇ ਆਊਟ ਹੋ ਗਿਆ। ਉਹ ਗੇਂਦਾਂ ਦੇ ਮਾਮਲੇ ਵਿਚ 1000 ਟੈਸਟ ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਵਿਕਟਕੀਪਰ ਬਣ ਗਿਆ ਹੈ। ਉਸ ਨੇ ਪਾਕਿਸਤਾਨ ਦੇ ਸਰਫਰਾਜ਼ ਅਹਿਮਦ (1311 ਗੇਂਦਾਂ) ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਜੈਮੀ ਨੇ ਸਿਰਾਜ ਦੇ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਮਾਰਿਆ ਅਤੇ ਇਕ ਨਵਾਂ ਰਿਕਾਰਡ ਬਣਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ