ਸੰਜੇ ਵਰਮਾ ਕਤਲਕਾਂਡ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ 3 ਨੌਜਵਾਨ ਗ੍ਰਿਫ਼ਤਾਰ

ਅਬੋਹਰ, 11 ਜੁਲਾਈ (ਸੰਦੀਪ ਸੋਖਲ)-ਅਬੋਹਰ ਦੇ ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿਚ, ਜਿਥੇ ਫਾਜ਼ਿਲਕਾ ਪੁਲਿਸ ਨੇ ਪਟਿਆਲਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਅਬੋਹਰ ਲਿਆਂਦਾ ਸੀ ਜਿਨ੍ਹਾਂ ਦੀ ਪੁਲਿਸ ਨਾਲ ਮੁਕਾਬਲੇ ਵਿਚ ਮੌਤ ਹੋ ਗਈ ਸੀ, ਉਥੇ ਜ਼ਿਲ੍ਹੇ ਦੇ ਐਸ.ਐਸ.ਪੀ. ਦੀ ਅਗਵਾਈ ਹੇਠ ਪੁਲਿਸ ਨੇ ਰਾਜਸਥਾਨ ਦੇ ਬੀਕਾਨੇਰ ਤੋਂ ਇਸ ਕਤਲ ਨਾਲ ਸਬੰਧਤ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜ਼ਿਲ੍ਹਾ ਐਸ.ਐਸ.ਪੀ. ਗੁਰਮੀਤ ਸਿੰਘ, ਡੀ.ਐਸ.ਪੀ. ਡੀ. ਬਲਕਾਰ ਸਿੰਘ ਅਤੇ ਦਿਹਾਤੀ ਡੀ.ਐਸ.ਪੀ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਿਥੇ ਪੁਲਿਸ ਟੀਮ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੂੰ ਗ੍ਰਿਫ਼ਤਾਰ ਕੀਤਾ ਸੀ, ਉਥੇ ਹੁਣ ਜਾਂਚ ਦੌਰਾਨ, ਉਨ੍ਹਾਂ ਦੀ ਪੁਲਿਸ ਟੀਮ ਨੇ ਇੰਦਰਪਾਲ ਬਿਸ਼ਰੋਈ ਪੁੱਤਰ ਰਾਮੇਸ਼ਵਰ ਲਾਲ, ਵਾਸੀ ਪਿੰਡ ਕੁਚੋਰ, ਥਾਣਾ ਜਗਰਾਸਰ, ਜ਼ਿਲ੍ਹਾ ਬੀਕਾਨੇਰ, ਰਾਜਸਥਾਨ, ਸੰਦੀਪ ਖਿੱਚੜ ਪੁੱਤਰ ਮਨੀਰਾਮ ਅਤੇ ਪਵਨ ਖਿੱਚੜ ਪੁੱਤਰ ਹੰਸਰਾਜ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦੋਂਕਿ ਮੁੱਖ ਮੁਲਜ਼ਮ ਸ਼ਕਤੀ ਕੁਮਾਰ ਪੁੱਤਰ ਹੰਸਰਾਜ, ਵਾਸੀ ਅਜ਼ੀਮਗੜ੍ਹ ਅਤੇ ਦੋ ਹੋਰ ਨੌਜਵਾਨ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਨੇ ਕਿਹਾ ਕਿ ਸੰਜੇ ਵਰਮਾ ਕਤਲ ਕੇਸ ਵਿਚ ਸ਼ਾਮਿਲ ਸ਼ੂਟਰ ਤਿੰਨ ਗ੍ਰਿਫ਼ਤਾਰ ਨੌਜਵਾਨਾਂ ਦੇ ਨਾਲ ਰਹੇ ਸਨ ਅਤੇ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪੈਸੇ ਟਰਾਂਸਫਰ ਕੀਤੇ ਸਨ। ਐਸ.ਐਸ.ਪੀ. ਨੇ ਕਿਹਾ ਕਿ ਤਿੰਨ ਨੌਜਵਾਨਾਂ ਵਿਚੋਂ ਇਕ ਪੀ.ਜੀ. ਚਲਾਉਂਦਾ ਹੈ ਅਤੇ ਬਾਕੀ ਦੋ ਆਪਣਾ ਕਾਰੋਬਾਰ ਵੀ ਕਰਦੇ ਹਨ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਸਖ਼ਤ ਪੁੱਛਗਿੱਛ ਕੀਤੀ ਜਾਵੇਗੀ।