ਮਹਿਰੋਵਾਲ ਦੇ 42 ਸਾਲਾਂ ਵਿਅਕਤੀ ਦੀ ਨਹਿਰ 'ਚ ਡਿੱਗਣ ਨਾਲ ਮੌਤ

ਕੋਟਫ਼ਤੂਹੀ (ਹੁਸ਼ਿਆਰਪੁਰ), 11 ਜੁਲਾਈ (ਅਵਤਾਰ ਸਿੰਘ ਅਟਵਾਲ)-ਬਿਸਤ ਦੁਆਬ ਨਹਿਰ ਵਿਚ ਪਿੰਡ ਬਿੰਜੋ ਦੇ ਪੁਲ ਨੇੜੇ ਇਕ ਵਿਅਕਤੀ ਦੇ ਪਾਣੀ ਵਿਚ ਹੱਥ-ਪੈਰ ਮਾਰਦੇ ਨੂੰ ਵੇਖ ਦੇ ਇਕ ਲੜਕੇ ਨੇ ਉਸ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤਾਂ ਪਿੰਡ ਪੰਡੋਰੀ ਲੱਧਾ ਸਿੰਘ ਦੇ ਕਰੀਬ ਇਕ ਹੋਰ ਨੌਜਵਾਨ ਜਿਸ ਨੂੰ ਤੈਰਨਾ ਨਹੀਂ ਸੀ ਆਉਂਦਾ, ਉਸ ਨੇ ਵੀ ਪਿੱਛੇ ਤੋਂ ਰੁੜ੍ਹੇ ਆਉਂਦੇ ਵਿਅਕਤੀ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਤੈਰਨਾ ਨਾ ਆਉਣ ਕਰਕੇ ਉਸ ਦੀ ਪਾਣੀ ਵਿਚ ਹਾਲਤ ਖ਼ਰਾਬ ਹੋ ਗਈ। ਮੌਕੇ ਉਤੇ ਗੁੱਜਰ ਨੌਜਵਾਨਾਂ ਨੇ ਬਾਹਰ ਕੱਢਿਆ, ਪਿੱਛੇ ਆ ਰਿਹਾ ਵਿਅਕਤੀ ਅੱਗੇ ਵੱਲ ਨੂੰ ਤੇਜ਼ ਪਾਣੀ ਦੇ ਵਹਾਅ ਵਿਚ ਵਹਿ ਗਿਆ ਜੋ ਕਿ ਲਗਭਗ ਤਿੰਨ ਕੁ ਕਿੱਲੋਮੀਟਰ ਅੱਗੇ ਅੱਡਾ ਕੋਟਫ਼ਤੂਹੀ ਦੇ ਕਰੀਬ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਤੇ ਮੌਕੇ ਉਤੇ ਏ. ਐੱਸ. ਆਈ. ਬਲਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ 42 ਸਾਲਾ ਦਲਵੀਰ ਸਿੰਘ ਉਰਫ਼ ਦੱਲੂ ਪੁੱਤਰ ਸਵ. ਰਤਨ ਚੰਦ ਨਿਵਾਸੀ ਮਹਿਰੋਵਾਲ ਹੈ ਜੋ ਕਿ ਪਿੰਡਾਂ ਦੇ ਮੇਲਿਆਂ ਵਿਚ ਸਾਈਕਲ ਉੱਪਰ ਕੁਝ ਵੇਚਦਾ ਸੀ, ਉਸ ਦੀ ਪਤਨੀ ਨਾਲ ਉਸ ਦਾ ਪਿਛਲੇ 2 ਸਾਲਾਂ ਤੋਂ ਤਲਾਕ ਦਾ ਕੇਸ ਚੱਲ ਰਿਹਾ ਹੈ, ਜਿਸ ਕਰਕੇ ਉਹ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਸੀ।
ਪਿੰਡ ਵਾਲਿਆਂ ਦੇ ਦੱਸਣ ਅਨੁਸਾਰ ਉਹ ਲਗਭਗ ਦੁਪਹਿਰ ਇਕ ਕੁ ਵਜੇ ਦੇ ਕਰੀਬ ਪਿੰਡੋਂ ਪੈਦਲ ਬਿੰਜੋ ਵੱਲ ਨੂੰ ਜਾਂਦਾ ਵੇਖਿਆ ਗਿਆ ਪਰ ਉਸ ਦੀਆਂ ਚੱਪਲਾਂ ਬਿੰਜੋ ਦੇ ਕਰੀਬ ਨਹਿਰ ਵਾਲੀ ਸੜਕ ਉਤੇ ਪਈਆਂ ਮਿਲੀਆ, ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ, ਉਸ ਨੇ ਇਥੇ ਨਹਿਰ ਵਿਚ ਛਾਲ ਮਾਰੀ ਹੈ। ਪੁਲਿਸ ਵਲੋਂ ਉਸ ਦੀ ਲਾਸ਼ ਗੜ੍ਹਸ਼ੰਕਰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਖੇ ਰੱਖਵਾ ਦਿੱਤੀ ਹੈ, ਜਿਸ ਦਾ ਪੋਸਟਮਾਰਟਮ ਕੱਲ੍ਹ ਕਰਨ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।