ਅਮਰੀਕਾ ਵਲੋਂ ਕੈਨੇਡਾ ਦੀਆਂ ਵਸਤਾਂ 'ਤੇ 35 ਫੀਸਦੀ ਟੈਰਿਫ ਦਾ ਐਲਾਨ

ਟੋਰਾਂਟੋ, 11 ਜੁਲਾਈ (ਸਤਪਾਲ ਸਿੰਘ ਜੌਹਲ)-ਕੈਨੇਡਾ ਅਤੇ ਅਮਰੀਕਾ ਵਿਚਕਾਰ ਬੀਤੇ ਮਹੀਨਿਆਂ ਤੋਂ ਚੱਲ ਰਹੀ ਵਪਾਰਕ ਜੰਗ ਇਕ ਵਾਰੀ ਫਿਰ ਗਹਿਰਾਉਣ ਦੇ ਸੰਕੇਤ ਮਿਲਣ ਲੱਗੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ ਅਚਾਨਕ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਐਲਾਨ ਕੀਤਾ ਕਿ 1 ਅਗਸਤ 2025 ਤੋਂ ਕੈਨੇਡਾ ਤੋਂ ਅਮਰੀਕਾ ਵਿਚ ਆਉਣ ਵਾਲੀਆਂ ਵਸਤਾਂ ਉੱਪਰ 35 ਫੀਸਦੀ ਟੈਰਿਫ ਲਾਗੂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਕੈਨੇਡਾ ਵਲੋਂ ਉਨ੍ਹਾਂ ਦੇ ਟੈਰਿਫ ਦੇ ਵਿਰੋਧ ਵਿਚ ਅਮਰੀਕੀ ਵਸਤਾਂ ਉਪਰ ਟੈਰਿਫ ਲਗਾਏ ਗਏ ਤਾਂ ਅਸੀਂ ਵੀ ਉਸ ਦਾ ਬਰਾਬਰ (35+) ਟੈਰਿਫ ਵਧਾ ਕੇ ਜਵਾਬ ਦਵਾਂਗੇ।
ਇਸ ਤੋਂ ਪਹਿਲਾਂ ਕੈਨੇਡਾ ਉਦਯੋਗ ਮੰਤਰੀ, ਖੋਜ ਅਤੇ ਸਾਇੰਸ ਮੰਤਰੀ ਮੇਲਾਨੀ ਜੌਲੀ ਨੇ ਕੱਲ੍ਹ ਆਖਿਆ ਸੀ ਕਿ ਟਰੰਪ ਵਲੋਂ ਬੀਤੇ ਮੰਗਲਵਾਰ ਐਲਾਨੇ ਗਏ ਤਾਂਬੇ ਉੱਪਰ 50 ਫੀਸਦੀ ਟੈਰਿਫ ਦਾ ਮੁਕਾਬਲਾ ਕੀਤਾ ਜਾਵੇਗਾ ਤੇ ਜਵਾਬੀ ਕਾਰਵਾਈ ਕੀਤੀ ਜਾਵੇਗੀ। ਬੀਤੇ ਮਹੀਨੇ ਜੀ-7 ਦੇਸ਼ਾਂ ਦੀ ਮੁਲਾਕਾਤ ਦੌਰਾਨ ਕੈਨੇਡਾ ਪੁੱਜੇ ਟਰੰਪ ਨੇ ਆਖਿਆ ਸੀ ਕਿ ਇਹ ਸਮਝੌਤਾ (21 ਜੁਲਾਈ ਤੱਕ) ਸਿਰੇ ਚੜ੍ਹ ਜਾਵੇਗਾ।
ਇਸੇ ਦੌਰਾਨ ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਉੱਪਰ ਕੈਨੇਡਾ ਵਲੋਂ 1 ਜੁਲਾਈ ਤੋਂ ਲਗਾਏ ਜਾਣ ਵਾਲੇ 3 ਫੀਸਦੀ ਟੈਕਸ ਦੇ ਮੁੱਦੇ `ਤੇ ਟਰੰਪ ਨੇ ਬੀਤੀ 30 ਜੂਨ ਨੂੰ ਸਾਰੀ ਗੱਲਬਾਤ ਠੱਪ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਇਸ ਦੇ ਜਵਾਬ ਵਿਚ ਕਾਰਨੀ ਨੇ ਡਿਜੀਟਲ ਸਰਵਿਸਿਜ਼ ਟੈਕਸ ਰੱਦ ਕਰਨ ਦਾ ਐਲਾਨ ਕੀਤਾ ਤਾਂ ਗੱਲਬਾਤ ਮੁੜ ਲੀਹ `ਤੇ ਪੈ ਗਈ ਸੀ। ਰਾਜਨੀਤਕ ਮਾਹਿਰ ਅਜੇ ਵੀ ਮੰਨਦੇ ਹਨ ਕਿ ਵਪਾਰਕ ਸਮਝੌਤੇ ਦੀ ਗੱਲਬਾਤ ਦੌਰਾਨ ਇਕ ਦੂਸਰੇ ਉੱਪਰ ਦਬਾਅ ਪਾਉਣ ਲਈ ਇਸ ਤਰ੍ਹਾਂ ਦੇ ਐਲਾਨ ਹੋ ਰਹੇ ਹਨ ਅਤੇ ਕੈਨੇਡਾ-ਅਮਰੀਕਾ ਦਾ ਵਪਾਰਕ ਸਮਝੌਤਾ ਮਿੱਥੇ ਸਮੇਂ ਤੱਕ ਸਮਝੌਤਾ ਹੋ ਜਾਣ ਦੀ ਆਸ ਹੈ।
ਕੈਨੇਡਾ ਦੀ ਸਰਕਾਰ ਵਲੋਂ ਅਮਰੀਕਾ ਨਾਲ ਆਪਣੇ ਪ੍ਰੰਪਰਾਗਤ ਸਬੰਧ ਖਟਾਈ ਵਿਚ ਪੈ ਜਾਣ ਤੋਂ ਬਾਅਦ ਯੂਰਪ ਅਤੇ ਭਾਰਤ ਸਮੇਤ ਏਸ਼ੀਆ ਦੇ ਦੇਸ਼ਾਂ ਨਾਲ ਵਪਾਰਕ ਰਿਸ਼ਤੇ ਕਾਇਮ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਟਰੰਪ ਵਲੋਂ ਬੀਤੀ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨਾਲ ਅਮਰੀਕਾ ਦੇ ਵਪਾਰਕ ਸਮਝੌਤਿਆਂ ਦਾ ਨਿਰੀਖਣ ਕਰਦੇ ਹੋਏ ਅਮਰੀਕੀ ਵਸਤਾਂ ਉੱਪਰ ਹੋਰਨਾਂ ਦੇਸ਼ਾਂ ਵਲੋਂ ਲਗਾਏ ਜਾਂਦੇ ਟੈਕਸ ਦੇ ਜਵਾਬ ਵਿਚ ਟੈਰਿਫ ਲਾਗੂ ਕਰਨ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਟੈਰਿਫ ਅਮਰੀਕੀ ਆਰਥਿਕਤਾ ਵਾਸਤੇ ਚੰਗੇ ਹਨ ਜਦਕਿ ਵਪਾਰਕ ਜੰਗ ਦੌਰਾਨ ਅਮਰੀਕਾ ਵਿਚ ਵੀ ਮਹਿੰਗਾਈ ਵਧਣ ਦੀਆਂ ਖਬਰਾਂ ਆ ਰਹੀਆਂ ਹਨ। ਉਧਰ ਕੈਨੇਡਾ ਵਿਚ ਵੀ ਆਰਥਿਕਤਾ ਡਾਵਾਂਡੋਲ ਹੋਣ ਅਤੇ ਬੇਰੁਜ਼ਗਾਰੀ ਵਧਣ ਦੇ ਸੰਕੇਤ ਮਿਲ ਰਹੇ ਹਨ।