ਸਾਢੇ ਤਿੰਨ ਕਿਲੋ ਹੈਰੋਇਨ ਤੇ ਦੋ ਲੱਖ ਰੁਪਏ ਡਰੱਗ ਮਨੀ ਸਮੇਤ ਨਸ਼ਾ ਤਸਕਰ ਕਾਬੂ

ਫ਼ਿਰੋਜ਼ਪੁਰ, 11 ਜੁਲਾਈ (ਗੁਰਿੰਦਰ ਸਿੰਘ)- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਰਛਪਾਲ ਸਿੰਘ ਉਰਫ਼ ਗੋਰਾ ਪੁੱਤਰ ਸੁਖਮੰਦਰ ਸਿੰਘ ਵਾਸੀ ਬਸਤੀ ਮਾਛੀਆਂ ਨੇੜੇ ਮਾਤਾ ਦਾ ਮੰਦਰ ਥਾਣਾ ਸਿਟੀ ਜੀਰਾ ਨੂੰ ਕਾਬੂ ਕਰਕੇ ਉਸ ਕੋਲੋਂ 3 ਕਿੱਲੋ 500 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਜੀਰਾ ਦੀ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਚੁਰੱਸਤਾ ਟਿੰਡਵਾ-ਚੋਹਲਾ ’ਤੇ ਬਣੇ ਬੱਸ ਅੱਡੇ ਪੁੱਜੀ ਤਾਂ ਉਥੇ ਇਕ ਨੌਜਵਾਨ ਕਿੱਟ ਬੈਗ ਪਾ ਕੇ ਖੜਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗਾ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਕੀਤੀ ਤਲਾਸ਼ੀ ਦੌਰਾਨ ਉਸ ਕੋਲੋਂ 3 ਕਿਲੋ 500 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਭਾਰਤੀ ਕਰੰਸੀ ਨੋਟ ਡਰੱਗ ਮਨੀ ਬਰਾਮਦ ਹੋਈ, ਜਿਸ ਸੰਬੰਧੀ ਥਾਣਾ ਸਦਰ ਜੀਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।