ਮੰਡ ਢਿਲਵਾਂ ਵਿਖੇ ਵੱਡੀ ਮਾਤਰਾ ’ਚ ਅਸਲਾ ਬਰਾਮਦ, ਇਕ ਦੋਸ਼ੀ ਦਾ ਹੋਇਆ ਐਨਕਾਊਂਟਰ

ਢਿੱਲਵਾ, (ਕਪੂਰਥਲਾ), 11 ਜੁਲਾਈ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ, ਰਗਬਿੰਦਰ ਸਿੰਘ)- ਢਿਲਵਾਂ ਟੋਲ ਪਲਾਜ਼ਾ ’ਤੇ ਬੀਤੀ 25 ਜੂਨ ਨੂੰ ਚਾਰ ਵਿਅਕਤੀਆਂ ਵਲੋਂ ਟੋਲ ਪਰਚੀ ਬਚਾਉਣ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਨਾਲ ਬੀਤੇ ਦਿਨੀਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਅੱਜ ਸਵੇਰੇ ਢਿਲਵਾਂ ਮੰਡ ਖੇਤਰ ’ਚ ਵੱਡੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਗਿਆ ਹੈ। ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਮਨਦੀਪ ਸਿੰਘ ਕੱਥੂ ਨੰਗਲ ਅੰਮ੍ਰਿਤਸਰ ਤੇ ਉਸ ਦਾ ਸਾਥੀ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਢਿਲਵਾਂ ਮੰਡ ਖੇਤਰ ਵਿਚ ਅਸਲੇ ਦੀ ਬਰਾਮਦਗੀ ਦੌਰਾਨ ਇਕ ਦੋਸ਼ੀ ਰਮਨਦੀਪ ਸਿੰਘ ਵਲੋਂ ਕਥਿਤ ਤੌਰ ’ਤੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਹੋਏ ਐਨਕਾਊਂਟਰ ਵਿਚ ਉਸ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਦਾਖਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਰਮਨਦੀਪ ਸਿੰਘ ਵਿਰੁੱਧ ਪਹਿਲਾਂ ਵੀ ਬਹੁਤ ਸਾਰੇ ਮੁਕੱਦਮੇ ਦਰਜ ਹਨ। ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੇ ਦੋ ਹੋਰ ਸਾਥੀਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।