ਹਰੀਕੇ ਹੈੱਡ ਵਰਕਸ ਵਿਚ ਹੋਰ ਵਧਿਆ ਪਾਣੀ ਦਾ ਪੱਧਰ

ਹਰੀਕੇ ਪੱਤਣ, (ਤਰਨਤਾਰਨ), 10 ਅਗਸਤ (ਸੰਜੀਵ ਕੁੰਦਰਾ)- ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਪੋਂਗ ਡੈਮ ਤੋਂ ਬਿਆਸ ਦਰਿਆ ਵਿਚ ਛੱਡੇ ਪਾਣੀ ਨੇ ਜ਼ਿਲ੍ਹਾ ਤਰਨਤਾਰਨ ਵਿਚ ਬਿਆਸ ਦਰਿਆ ਦੇ ਕਿਨਾਰੇ ਪੈਂਦੇ ਪਿੰਡਾਂ ਅਤੇ ਹਰੀਕੇ ਹਥਾੜ ਖੇਤਰ ਵਿਚ ਹੜਾਂ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਕਰ ਦਿੱਤੀ। ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਵੀ ਪਾਣੀ ਦਾ ਪੱਧਰ ਅੱਜ ਸਵੇਰੇ ਤੋਂ ਫਿਰ ਵੱਧਣਾ ਸ਼ੁਰੂ ਹੋ ਗਿਆ ਤੇ ਹਰੀਕੇ ਰੈਗੂਲੇਸ਼ਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ 86568 ਕਿਊਸਿਕ ਹੋ ਗਿਆ ਤੇ ਜਿਸ ਵਿਚੋਂ ਡਾਊਨ ਸਟਰੀਮ ਨੂੰ 64348 ਕਿਊਸਿਕ ਪਾਣੀ ਛੱਡਿਆ ਗਿਆ ਜਦ ਕਿ ਫ਼ਿਰੋਜ਼ਪੁਰ ਫੀਡਰ ਨਹਿਰ ਨੂੰ 8237 ਅਤੇ ਰਾਜਸਥਾਨ ਫੀਡਰ ਨਹਿਰ ਨੂੰ 13795 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਰੀਕੇ ਹੈੱਡ ਵਰਕਸ ਤੋਂ ਛੱਡੇ ਪਾਣੀ ਨੇ ਹਰੀਕੇ ਹਥਾੜ ਖੇਤਰ ਵਿਚ ਵੱਡੀ ਮਾਰ ਮਾਰੀ ਹੈ ਤੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਦਰਿਆ ਦੇ ਨਾਲ ਲੱਗਦੀ ਹਜ਼ਾਰਾਂ ਏਕੜ ਫਸਲ ਹੜਾਂ ਕਾਰਨ ਬਰਬਾਦ ਹੋ ਗਈ। ਅੱਜ ਪਾਣੀ ਵੱਧਣ ਤੋਂ ਬਾਅਦ ਡਾਊਨ ਸਟਰੀਮ ਨੂੰ ਛੱਡੇ ਪਾਣੀ ਨਾਲ ਹਥਾੜ ਖੇਤਰ ਵਿਚ ਹੋਰ ਨੁਕਸਾਨ ਹੋਵੇਗਾ।