ਅਜੇ ਜਾਰੀ ਰਹੇਗੀ ਪੰਜਾਬ ਰੋਡਵੇਜ਼ /ਪਨਬਸ, ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਦੀ ਹੜਤਾਲ

ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਰੋਡਵੇਜ਼ /ਪਨਬਸ, ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਫਿਲਹਾਲ ਜਾਰੀ ਰਹੇਗੀ। ਟਰਾਂਸਪੋਰਟ ਸਕੱਤਰ ਨਾਲ ਯੂਨੀਅਨ ਦੇ ਆਗੂਆਂ ਦਰਮਿਆਨ ਹੋਈ ਮੀਟਿੰਗ ਬੇਸਿੱਟਾ ਹੀ ਰਹੀ ਹੈ। ਸਰਕਾਰ ਵਲੋਂ ਮੰਗਾਂ ਦੇ ਨਿਪਟਾਰੇ ਲਈ 10 ਦਿਨ ਦਾ ਸਮਾਂ ਹੋਰ ਮੰਗਿਆ ਜਾ ਰਿਹਾ ਹੈ।
ਇਸੇ ਦੌਰਾਨ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਐਲਾਨ ਕੀਤਾ ਕਿ 15 ਅਗਸਤ ਦੇ ਜੋ ਪ੍ਰੋਗਰਾਮ ਉਲੀਕੇ ਗਏ ਸਨ , ਜਿਨ੍ਹਾਂ ’ਚ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਹੋਰ ਮੰਤਰੀਆਂ ਦਾ ਵੱਖ ਵੱਖ ਥਾੲੀਂ ਕਾਲੇ ਝੰਡੇ ਅਤੇ ਕਾਲੇ ਚੋਲੇ ਪਾ ਕੇ ਵਿਰੋਧ ਕੀਤਾ ਜਾਣਾ ਸੀ, ਉਹ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਸਰਕਾਰ ’ਤੇ ਦੋਸ਼ ਲਾਇਆ ਕਿ ਜਾਣ ਬੁੱਝ ਕੇ ਸਰਕਾਰ ਟਾਲ ਮਟੋਲ ਦੀ ਨੀਤੀ ’ਤੇ ਚੱਲ ਰਹੀ ਹੈ ਅਤੇ ਮੰਨੀਆਂ ਹੋਈਆਂ ਮੰਗਾਂ ਵੀ ਲਾਗੂ ਨਹੀਂ ਕਰ ਰਹੀ। ਦੂਜੇ ਪਾਸੇ ਪੰਜਾਬ ਰਾਜ ਵਿਚ ਹਜ਼ਾਰਾਂ ਬੱਸਾਂ ਦਾ ਚੱਕਾ ਜਾਮ ਹੈ, ਜਿਸ ਨਾਲ ਮੁਸਾਫ਼ਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।