14-08-25
ਨਸ਼ੇ ਅਤੇ ਚੋਰੀ ਦਾ ਮੱਕੜ ਜਾਲ
ਪੰਜਾਬ ਦੀ ਨੌਜਵਾਨ ਪੀੜ੍ਹੀ ਕੰਮ ਕਰਨ ਦੀ ਬਜਾਏ ਲੁੱਟਾਂ-ਖੋਹਾਂ ਕਰਕੇ ਨਸ਼ੇ ਦੀ ਪੂਰਤੀ ਵਿਚ ਗਰਕ ਹੁੰਦੀ ਜਾ ਰਹੀ ਹੈ। ਹੁਣ ਨੌਜਵਾਨ ਪੀੜ੍ਹੀ ਸਿਰਫ਼ ਤੇ ਸਿਰਫ਼ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰ ਰਹੀ ਹੈ। ਬੇਰੁਜ਼ਗਾਰੀ ਕਰਕੇ ਨੌਜਵਾਨਾਂ ਵਿਚ ਨਸ਼ੇ ਦੀ ਰੁਚੀ ਵਧ ਰਹੀ ਹੈ। ਵਿਹਲੇ ਘਰ 'ਚੋਂ ਇਨ੍ਹਾਂ ਦੀਆਂ ਨਸ਼ੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਹੀ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਛੋਟੀਆਂ ਚੋਰੀਆਂ ਤੋਂ ਲੈ ਕੇ ਵੱਡੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਨਸ਼ੇ ਤੇ ਚੋਰੀ ਦੇ ਮੱਕੜ ਜਾਲ ਵਿਚ ਫਸ ਕੇ ਨੌਜਵਾਨ ਆਪਣਾ ਭਵਿੱਖ ਤਾਂ ਖਰਾਬ ਕਰ ਹੀ ਰਹੇ ਹਨ, ਨਾਲ ਹੀ ਆਪਣੇ ਘਰਦਿਆਂ ਨੂੰ ਵੀ ਇਸ ਜਾਲ ਵਿਚ ਉਲਝਾਉਂਦੇ ਹਨ।
-ਗੌਰਵ ਮੁੰਜਾਲ
ਪੀ.ਸੀ.ਐਸ.
ਨਲਕਿਆਂ ਦੇ ਜ਼ਮਾਨੇ ਚੰਗੇ ਸੀ
25-30 ਸਾਲ ਪਹਿਲਾਂ ਪਿੰਡਾਂ 'ਚ 80 ਫ਼ੀਸਦੀ ਘਰਾਂ 'ਚ ਨਲਕਾ ਲੱਗਾ ਹੁੰਦਾ ਸੀ ਅਤੇ ਉਸ ਦੇ ਥੋੜ੍ਹੀ ਦੂਰ 'ਤੇ ਟੋਇਆ ਪੁੱਟਿਆ ਜਾਂਦਾ ਸੀ। ਲੋੜ ਅਨੁਸਾਰ ਸੁਆਣੀਆਂ ਨਲਕੇ ਦੇ ਨੇੜੇ ਬੈਠ ਕੇ ਕੱਪੜੇ ਧੋਂਦੀਆਂ, ਭਾਂਡੇ ਮਾਂਜਦੀਆਂ ਸਨ। ਘਰਾਂ 'ਚ ਵਾਸ਼ਵੇਸ਼ਨ ਤੇ ਟੈਂਕੀਆਂ ਨਾ ਹੋਣ ਕਾਰਨ ਮਰਦ ਵੀ ਨਲਕੇ ਦੇ ਥੱਲੇ ਬੈਠ ਕੇ ਨਹਾਉਂਦੇ, ਪਸ਼ੂਆਂ ਨੂੰ ਪਾਣੀ ਪਿਆਉਂਦੇ ਜਾਂ ਹੋਰ ਕੰਮ ਕਰਦੇ ਤੇ ਟੋਆ ਭਰਨ 'ਤੇ ਪਾਣੀ ਨੂੰ ਵਿਹੜੇ 'ਚ ਖਲਾਰ ਦਿੱਤਾ ਜਾਂਦਾ ਸੀ। ਪਰ ਹੁਣ ਘਰ-ਘਰ ਲੱਗੀਆਂ ਮੱਛੀ ਮੋਟਰਾਂ ਨੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਆਪਣੇ ਸੁੱਖ ਲਈ ਲੋਕਾਂ ਨੇ ਵੱਡੀਆਂ ਕੋਠੀਆਂ 'ਤੇ ਵੱਡੀਆਂ ਟੈਂਕੀਆਂ ਰੱਖ ਲਈਆਂ ਤੇ ਅੰਦਰੋਂ ਬੈਠੇ ਹੀ ਸਵਿੱਚ ਦੱਬ ਦਿੱਤੀ ਜਾਂਦੀ ਹੈ। ਟੈਂਕੀ ਭਰ ਕੇ ਉੱਛਲਦੀ ਹੈ ਤੇ ਪਾਣੀ ਬਾਹਰ ਨਾਲੀਆਂ ਰਾਹੀਂ ਹੋ ਕੇ ਛੱਪੜਾਂ 'ਚ ਜਾਂਦਾ ਹੈ। ਛੱਪੜ ਨੱਕੋ-ਨੱਕ ਭਰਨ ਨਾਲ ਪਾਣੀ ਗਲੀਆਂ ਅਤੇ ਸੜਕਾਂ 'ਤੇ ਆਉਂਦਾ ਹੈ। ਮੱਛੀ ਮੋਟਰਾਂ ਦੇ ਜ਼ਮਾਨੇ ਨਾਲੋਂ ਨਲਕਿਆਂ ਦੇ ਜ਼ਮਾਨੇ ਚੰਗੇ ਸੀ। ਮੱਛੀ ਮੋਟਰਾਂ 'ਤੇ ਆਟੋਮੈਟਿਕ ਸਿਸਟਮ ਲਗਾ ਲਿਆ ਜਾਵੇ ਤੇ ਪਾਣੀ ਭਰਨ, ਤਾਂ ਜੋ ਮੋਟਰ ਆਪਣੇ ਆਪ ਬੰਦ ਹੋ ਜਾਵੇ।
-ਅਮਨਦੀਪ ਸ਼ਰਮਾ
ਕੋਟਕਪੂਰਾ
ਹੁਸ਼ਿਆਰ ਭੈਣਾਂ
ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਗਰੀਬ ਪਰਿਵਾਰ ਦੀਆਂ ਤਿੰਨ ਸਕੀਆਂ ਭੈਣਾਂ ਬੇਅੰਤ ਕੌਰ, ਹਰਦੀਪ ਕੌਰ ਅਤੇ ਰਿੰਪੀ ਕੌਰ ਨੇ ਯੂ.ਜੀ.ਸੀ. (ਨੈੱਟ) ਪ੍ਰੀਖਿਆ ਪਾਸ ਕਰਕੇ ਇਕ ਮਿਸਾਲ ਪੈਦਾ ਕਰ ਦਿੱਤੀ ਹੈ। ਇਸ ਮਾਣਮੱਤੀ ਪ੍ਰਾਪਤੀ ਨਾਲ ਜਿੱਥੇ ਉਨ੍ਹਾਂ ਆਪਣੇ ਮਾਤਾ-ਪਿਤਾ ਦਾ ਨਾਂਅ ਫ਼ਖਰ ਨਾਲ ਉੱਚਾ ਕੀਤਾ ਹੈ, ਉਥੇ ਮਾਨਸਾ ਜ਼ਿਲ੍ਹਾ ਵੀ ਪੂਰੀ ਦੁਨੀਆ ਵਿਚ ਮਸ਼ਹੂਰ ਕਰ ਦਿੱਤਾ ਹੈ। ਸੋ, ਮੈਂ ਆਪਣੇ ਖ਼ਤ ਰਾਹੀਂ ਜਿਥੇ ਇਨ੍ਹਾਂ ਭੈਣਾਂ ਨੂੰ ਮੁਬਾਰਕਬਾਦ ਦਿੰਦਾ ਹਾਂ, ਉਥੇ ਪੰਜਾਬ ਸਰਕਾਰ ਨੂੰ ਅਪੀਲ ਵੀ ਕਰਦਾ ਹਾਂ ਕਿ ਅਜਿਹੀਆਂ ਹੋਣਹਾਰ ਬੱਚੀਆਂ ਦੀ ਆਰਥਿਕ ਮਦਦ ਲਈ ਪਹਿਲ ਦੇ ਆਧਾਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਕਾਬਲ ਬੱਚੇ ਉੱਚ ਅਹੁਦਿਆਂ 'ਤੇ ਜਾ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਣ।
-ਰਾਜਾ ਗਿੱਲ (ਚੜਿੱਕ)
ਗਿੱਲ ਸੀਮੈਂਟ ਸਟੋਰ, ਚੜਿੱਕ (ਮੋਗਾ)
ਚੱਕਾ ਜਾਮ
ਲਗਭਗ 2600 ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਨੂੰ ਇਹ ਕਹਿ ਕੇ ਡਰਾਇਆ ਜਾਂਦਾ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਬੱਸਾਂ ਦਾ ਚੱਕਾ ਜਾਮ ਕਰ ਦਿਆਂਗੇ। ਵਾਰ-ਵਾਰ ਚੱਕਾ ਜਾਮ ਠੀਕ ਨਹੀਂ ਜਾਪਦਾ, ਕਿਉਂਕਿ ਮਸਲੇ ਗੱਲਬਾਤ ਨਾਲ ਹੀ ਹੱਲ ਹੁੰਦੇ ਹਨ। ਦੂਜੀ ਗੱਲ ਇਹ ਕਿ ਸਰਕਾਰ ਨਾਲੋਂ ਲੋਕਾਂ ਦੀ ਵੱਧ ਖੱਜਲ ਖੁਆਰੀ ਹੁੰਦੀ ਹੈ, ਜਿਸ ਨਾਲ ਰੋਡਵੇਜ਼, ਪੱਨਬਸ ਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਨਾਲ ਜਨਤਾ ਦੀ ਹਮਦਰਦੀ ਘਟਦੀ ਹੈ। ਚੱਕਾ ਜਾਮ ਦੌਰਾਨ ਵੀ ਕੁਝ ਬੱਸਾਂ ਹਰ ਹਾਲਤ ਵਿਚ ਚੱਲਣੀਆਂ ਚਾਹੀਦੀਆਂ ਹਨ, ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਕੁਝ ਹੱਦ ਤੱਕ ਘੱਟ ਸਕੇ। ਜੇ ਵੱਧ ਰੋਸ ਵਿਖਾਉਣਾ ਹੈ ਤਾਂ ਮੁੱਖ ਮੰਤਰੀ ਜਾਂ ਟਰਾਂਸਪੋਰਟ ਮੰਤਰੀ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇ।
-ਪ੍ਰਿੰਸੀਪਲ ਕਰਤਾਰ ਸਿੰਘ ਬੇਰੀ,
ਗਲੀ ਨੰ. 3, ਦਸਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ।
ਬੂਹੇ ਅੱਗੇ ਖੜ੍ਹਾ ਨਜ਼ਰੀਆ
ਆਦਮੀ ਨੂੰ ਘਰ ਵਿਚ ਧੀ ਜੰਮਦੇ ਸਾਰ ਹੀ ਆਪਣੇ ਖਿਆਲ ਵਿਕਸਿਤ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਮਾੜੀ ਮਾਨਸਿਕਤਾ ਵਾਲਾ ਬੰਦਾ ਸਿਰਫ਼ ਆਪਣੀ ਧੀ ਨੂੰ ਹੀ ਧੀ ਸਮਝਦਾ ਹੈ, ਹੋਰਾਂ ਦੀਆਂ ਧੀਆਂ ਨੂੰ ਨਹੀਂ। ਸਿਆਣੇ ਆਂਹਦੇ ਹਨ ਕਿ ਧੀ ਤੋਂ ਨਹੀਂ ਧੀ ਦੇ ਕਰਮਾਂ ਤੋਂ ਡਰੀਏ। ਅੱਜ ਧੀਆਂ ਪ੍ਰਤੀ ਹੈਵਾਨੀਅਤ ਸਿਖਰ 'ਤੇ ਹੈ। ਕਈ ਥਾਵਾਂ 'ਤੇ ਧੀਆਂ ਦਾ ਰੋਲ ਵੀ ਹੁੰਦਾ ਹੈ। ਦੂਜੇ ਦੀ ਧੀ ਭਾਵੇਂ ਨੂੰਹ ਹੋਵੇ, ਭਾਵੇਂ ਭੈਣ ਹੋਵੇ, ਕਿਸੇ ਦੀ ਪਤਨੀ ਹੋਵੇ, ਸਭ ਕਿਸਮ ਦੀਆਂ ਸਥਿਤੀਆਂ ਵਿਚ ਔਰਤ ਪ੍ਰਤੀ ਨਜ਼ਰੀਆ ਅਤੇ ਸੋਚ ਬੂਹੇ ਅੱਗੇ ਖੜ੍ਹ ਜਾਂਦੀ ਹੈ ਉਸ ਤੋਂ ਅੱਗੇ ਆਪਣੀ ਧੀ ਵਾਂਗ ਨਹੀਂ ਵਧਦੀ। ਆਈਨਸਟਾਈਨ ਨਾਂਅ ਦਾ ਦਾਰਸ਼ਨਿਕ ਦੱਸਦਾ ਹੈ ਕਿ ਦੁਨੀਆ 'ਚ ਸਭ ਕੁਝ ਬਦਲ ਰਿਹਾ ਹੈ, ਪਰ ਮਨੁੱਖ ਦੀ ਸੋਚ ਨਹੀਂ ਬਦਲੀ। ਇਹ ਤੱਥ ਸਾਡੇ 'ਤੇ ਲਾਗੂ ਹੁੰਦਾ ਹੈ। ਝਾਤ ਮਾਰੀਏ ਕਿਸੇ ਦੀ ਔਰਤ ਬਾਰੇ ਅਤੇ ਆਪਣੀ ਔਰਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ। ਘਰ ਦੇ ਬੂਹੇ ਦੇ ਅੰਦਰ ਵਾਲਾ ਨਜ਼ਰੀਆ ਘਰ ਦੇ ਬਾਹਰ ਵੀ ਲਾਗੂ ਕਰਨ ਨਾਲ ਮਨੁੱਖੀ ਚਰਿੱਤਰ ਦਾ ਨਿਰਮਾਣ ਅਤੇ ਸਮਾਜ ਹਿੰਸਾ ਮੁਕਤ ਹੋਵੇਗਾ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਭਾਸ਼ਾ ਦਾ ਸਵਾਦ
ਭਾਸ਼ਾ ਬਹੁਤ ਵੱਡੀ ਚੀਜ਼ ਹੈ। ਭਾਸ਼ਾ ਚਾਹੇ ਕੋਈ ਵੀ ਹੋਵੇ, ਪਰ ਸ਼ਬਦਾਂ ਦਾ ਲਹਿਜ਼ਾ ਅਜਿਹਾ ਹੋਵੇ ਕਿ ਸਾਹਮਣੇ ਵਾਲਾ ਤੁਹਾਨੂੰ ਸੁਣਨ ਲਈ ਮਜਬੂਰ ਹੋ ਜਾਵੇ। ਕਈ ਇਨਸਾਨ ਸ਼ਬਦਾਂ ਨਾਲ ਹੀ ਜੱਗ ਜਿੱਤ ਲੈਂਦੇ ਹਨ। ਸਾਡੇ ਮੂੰਹ 'ਚੋਂ ਨਿਕਲੇ ਹੋਏ ਸ਼ਬਦ ਸਾਨੂੰ ਆਬਾਦ ਵੀ ਕਰ ਸਕਦੇ ਹਨ ਤੇ ਬਰਬਾਦ ਵੀ। ਕਹਿੰਦੇ ਹਨ ਸ਼ਬਦਾਂ ਵਿਚ ਵੀ ਸਵਾਦ ਹੁੰਦਾ, ਇਸ ਲਈ ਬੋਲਣ ਤੋਂ ਪਹਿਲਾਂ ਇਨ੍ਹਾਂ ਨੂੰ ਤੇ ਇਨ੍ਹਾਂ ਦੇ ਸਵਾਦ ਨੂੰ ਵੀ ਇਕ ਵਾਰੀ ਦੇਖ ਲੈਣਾ, ਚੈੱਕ ਕਰ ਲੈਣਾ ਚਾਹੀਦਾ ਹੈ। ਜਿਵੇਂ ਅਸੀਂ ਖਾਣਾ ਬਣਾਉਣ ਸਮੇਂ ਉਸ ਦਾ ਨਮਕ ਮਿਰਚ ਮਸਾਲਾ ਦੇਖਦੇ ਹਾਂ। ਹਾਲਾਂਕਿ ਖਾਣੇ ਦਾ ਸਵਾਦ ਤਾਂ ਕੁਝ ਪਲ ਹੀ ਸਾਡੀ ਜੀਭ 'ਤੇ ਰਹਿੰਦਾ ਹੈ, ਜਦੋਂ ਕਿ ਸ਼ਬਦਾਂ ਦਾ ਅਸਰ ਸਾਰੀ ਜ਼ਿੰਦਗੀ ਸਾਡੇ ਨਾਲ ਰਹਿੰਦਾ ਹੈ। ਇਸ ਲਈ ਬੋਲਣ ਤੋਂ ਪਹਿਲਾਂ ਉਨ੍ਹਾਂ ਦਾ ਸਵਾਦ ਵੀ ਸਾਨੂੰ ਚੈੱਕ ਕਰ ਲੈਣਾ ਚਾਹੀਦਾ ਹੈ, ਜੋ ਸ਼ਬਦ ਅਸੀਂ ਆਪਣੇ ਲਈ ਜਾਂ ਆਪਣਿਆਂ ਲਈ ਕਦੇ ਨਹੀਂ ਸੁਣ ਸਕਦੇ ਤਾਂ ਫਿਰ ਅਜਿਹੇ ਸ਼ਬਦਾਂ ਦਾ ਇਸਤੇਮਾਲ ਅਸੀਂ ਹੋਰਾਂ ਲਈ ਵੀ ਕਿਵੇਂ ਕਰ ਸਕਦੇ ਹਾਂ। ਸਾਡੇ ਬੋਲੇ ਗਏ ਸ਼ਬਦਾਂ ਦਾ ਪੈਣ ਵਾਲਾ ਪ੍ਰਭਾਵ ਦੁਬਾਰਾ ਅਸਾਨੀ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਨੂੰ ਆਪਣੀ ਭਾਸ਼ਾ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
-ਰਜਨਦੀਪ ਕੌਰ ਸੰਧੂ
ਕੌਹਰ ਸਿੰਘ ਵਾਲਾ, ਫਿਰੋਜ਼ਪੁਰ।