ਨਰੇਗਾ ਮਜ਼ਦੂਰਾਂ ਨੇ ਮੰਗਾਂ ਨਾ ਮੰਨਣ 'ਤੇ ਕੀਤੀ ਨਾਅਰੇਬਾਜ਼ੀ

ਜੈਤੋ, 14 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਦਫਤਰ ਜੈਤੋ ਵਿਖੇ ਧਰਨਾ ਲਗਾ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਪਿੰਡਾਂ ਦੇ ਪਹੁੰਚੇ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪੱਪੀ ਸਿੰਘ ਢਿੱਲਵਾਂ, ਗੋਰਾ ਸਿੰਘ ਪਿਪਲੀ ਨੇ ਦੋਸ਼ ਲਗਾਇਆ ਕਿ ਮਜ਼ਦੂਰਾਂ ਨੂੰ ਪੂਰਾ ਸਮਾਂ ਕੰਮ ਨਹੀਂ ਦਿੱਤਾ ਜਾ ਰਿਹਾ ਹੈ ਜਦਕਿ ਕੰਮ ਦੀ ਮੰਗ ਕਰਨ ਦੇ ਬਾਵਜੂਦ ਵੀ ਨਰੇਗਾ ਮਜ਼ਦੂਰ ਵਿਹਲੇ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਨਰੇਗਾ ਕੰਮ ਦੀਆਂ ਅਰਜ਼ੀਆਂ ਫੜ ਕੇ ਰਸੀਦ ਨਹੀਂ ਦਿੱਤੀ ਜਾ ਰਹੀ। ਜੇਕਰ ਰਸੀਦ ਕੋਲ ਹੋਵੇ ਤਾਂ ਮਜ਼ਦੂਰ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਹੁੰਦਾ ਹੈ। ਇਸ ਮੌਕੇ ਮਜ਼ਦੂਰਾਂ ਨੇ ਸਹਾਇਕ ਪ੍ਰੋਗਰਾਮ ਅਫਸਰ ਨੂੰ ਮੰਗਾਂ ਸਬੰਧੀ ਮੰਗ-ਪੱਤਰ ਸੌਂਪਿਆ ਅਤੇ ਅਧਿਕਾਰੀ ਨੇ ਮੰਗ-ਪੱਤਰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪੁੱਜਦਾ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਛੇਤੀ ਕੰਮ ਦੇਣ ਦਾ ਭਰੋਸਾ ਦਿੱਤਾ। ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਵੱਡਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਜਗਸੀਰ ਸਿੰਘ ਮੜਾਕ, ਅੰਗਰੇਜ਼ ਸਿੰਘ ਮੜਾਕ, ਸੁਖਦੇਵ ਸਿੰਘ ਕਰੀਰਵਾਲੀ ਆਦੀ ਆਗੂ ਹਾਜ਼ਰ ਸਨ।