ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਮੁਸਾਫਿਰਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ

ਤਪਾ ਮੰਡੀ, 14 ਅਗਸਤ (ਵਿਜੇ ਸ਼ਰਮਾ)-ਪੰਜਾਬ ਰੋਡਵੇਜ਼/ਪਨਬਸ, ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਬਠਿੰਡਾ-ਚੰਡੀਗੜ੍ਹ ਰੋਡ ਉਤੇ ਸਥਿਤ ਤਪਾ ਫਲਾਈ ਲਾਈਓਵਰ ਨਾਲ ਬਰਨਾਲਾ ਅਤੇ ਰਾਮਪੁਰਾ ਵਾਲੇ ਪਾਸੇ ਨੂੰ ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਕੁਝ ਸਮੇਂ ਬਾਅਦ ਪੀ.ਆਰ.ਟੀ.ਸੀ. ਦੀਆਂ ਬੱਸਾਂ ਆ ਰਹੀਆਂ ਸਨ ਪਰ ਪਹਿਲਾਂ ਵਾਂਗ ਬੱਸਾਂ ਦੀ ਆਵਾਜਾਈ ਨਾ ਹੋਣ ਕਾਰਨ ਜ਼ਿਆਦਾਤਰ ਮਹਿਲਾਵਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਖੜ੍ਹੀਆਂ ਸਵਾਰੀਆਂ ਨੇ ਦੱਸਿਆ ਕਿ ਬੱਸਾਂ ਦੀ ਹੜਤਾਲ ਹੋਣ ਕਾਰਨ ਕਾਫੀ ਸਮੇਂ ਬਾਅਦ ਇਕ ਸਰਕਾਰੀ ਬੱਸ ਆਉਂਦੀ ਹੈ ਜੋ ਕਿ ਪਹਿਲਾਂ ਹੀ ਨੱਕੋ-ਨੱਕ ਭਰੀ ਹੁੰਦੀ ਹੈ, ਇਸ ਲਈ ਤਪਾ ਫਲਾਈਓਵਰ ਰਾਮਪੁਰਾ ਅਤੇ ਬਰਨਾਲਾ ਪਾਸੇ ਜਾਣ ਵਾਲੀਆਂ ਸਵਾਰੀਆਂ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਸਨ ਕਿਉਂਕਿ ਸਰਕਾਰ ਵਲੋਂ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿਚ ਕਿਰਾਇਆ ਮੁਆਫ ਹੈ। ਇਸ ਲਈ ਬੱਸ ਅੱਡੇ ਉਤੇ ਦੋਵਾਂ ਪਾਸਿਆਂ ਉਤੇ ਮਹਿਲਾਵਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ।