ਹਰੀਕੇ ਹੈੱਡ ਵਰਕਸ 'ਚ ਪਾਣੀ ਦੀ ਆਮਦ 1 ਲੱਖ ਕਿਊਸਿਕ ਟੱਪੀ

ਹਰੀਕੇ ਪੱਤਣ, 14 ਅਗਸਤ (ਸੰਜੀਵ ਕੁੰਦਰਾ)-ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਪੋਂਗ ਡੈਮ ਤੋਂ ਬਿਆਸ ਦਰਿਆ ਵਿਚ ਛੱਡੇ ਪਾਣੀ ਕਾਰਨ ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ 1 ਲੱਖ ਕਿਊਸਿਕ ਉਤੇ ਟੱਪ ਗਿਆ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਤੋਂ ਵੱਧ ਰਿਹਾ ਪਾਣੀ ਦਾ ਪੱਧਰ ਸ਼ਾਮ 6 ਵਜੇ 1 ਲੱਖ ਕਿਊਸਿਕ ਤੋਂ ਟੱਪ ਗਿਆ। ਸ਼ਾਮ 6 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ 1 ਲੱਖ 1 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਸੀ, ਜਿਸ ਵਿਚੋਂ ਡਾਊਨ ਸਟਰੀਮ ਨੂੰ 78 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਤੇ ਫਿਰੋਜ਼ਪੁਰ ਫੀਡਰ ਨਹਿਰ 8000 ਕਿਊਸਿਕ ਅਤੇ ਰਾਜਸਥਾਨ ਫੀਡਰ ਨੂੰ 13800 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਜਿਥੇ ਬਿਆਸ ਦਰਿਆ ਵਿਚ ਪਾਣੀ ਆਉਣ ਕਾਰਨ ਜ਼ਿਲ੍ਹਾ ਤਰਨਤਾਰਨ ਦੇ ਅਨੇਕਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਹੜ੍ਹਾਂ ਦੀ ਭੇਟ ਚੜ੍ਹ ਗਈ, ਉਥੇ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਪਾਣੀ ਛੱਡੇ ਜਾਣ ਕਾਰਨ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਡੁੱਬ ਚੁੱਕੀ ਹੈ ਤੇ ਖੇਤਾਂ ਵਿਚ 10-10 ਫੁੱਟ ਤੱਕ ਪਾਣੀ ਭਰ ਗਿਆ ਹੈ।