ਦਰਿਆ ਬਿਆਸ 'ਚ ਪਾਣੀ ਵਧਣ ਨਾਲ ਐਡਵਾਂਸ ਧੁੱਸੀ ਬੰਨ੍ਹ ਅੰਦਰਲਾ ਸਮੁੱਚਾ ਮੰਡ ਖੇਤਰ ਪਾਣੀ ਦੀ ਮਾਰ ਹੇਠ

ਕਪੂਰਥਲਾ, 14 ਅਗਸਤ (ਅਮਰਜੀਤ ਕੋਮਲ)-ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨੰਗਲ ਲੁਬਾਣਾ ਤੋਂ ਲੈ ਕੇ ਆਹਲੀ ਤੱਕ ਦਰਿਆ ਬਿਆਸ ਦੇ ਐਡਵਾਂਸ ਧੁੱਸੀ ਬੰਨ੍ਹ ਵਿਚਲਾ ਸਮੁੱਚਾ ਖੇਤਰ ਪਾਣੀ ਵਿਚ ਡੁੱਬਣ ਨਾਲ ਹਜ਼ਾਰਾਂ ਏਕੜ ਫ਼ਸਲ, ਚਾਰਾ ਤੇ ਸਬਜ਼ੀਆਂ ਖ਼ਰਾਬ ਹੋ ਗਈਆਂ ਹਨ। ਕਪੂਰਥਲਾ ਸਬ-ਡਵੀਜ਼ਨ ਦੇ ਐਡਵਾਂਸ ਧੁੱਸੀ ਬੰਨ੍ਹ ਅੰਦਰ ਪੈਂਦੇ ਪਿੰਡ ਕੰਮੇਵਾਲ, ਬਾਘੂਵਾਲ, ਚਿਰਾਗਵਾਲ ਪਾਣੀ ਵਿਚ ਘਿਰਨ ਕਾਰਨ ਇਨ੍ਹਾਂ ਪਿੰਡਾਂ ਵਿਚ ਰਹਿ ਰਹੇ ਲੋਕਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਪਸ਼ੂ ਲੈ ਕੇ ਐਡਵਾਂਸ ਧੁੱਸੀ ਬੰਨ੍ਹ 'ਤੇ ਡੇਰੇ ਲਗਾ ਲਏ ਹਨ ਤੇ ਪਰਿਵਾਰਾਂ ਦੇ ਕੁਝ ਮੈਂਬਰ ਅਜੇ ਵੀ ਡੇਰਿਆਂ 'ਤੇ ਆਪਣੇ ਘਰਾਂ ਦੀ ਰਾਖੀ ਕਰ ਰਹੇ ਹਨ।
ਕੰਮੇਵਾਲ ਦੇ ਇਕ ਵਿਅਕਤੀ ਗੁਰਜੰਟ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਇਸ ਖੇਤਰ ਵਿਚ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨਾਂ ਤੋਂ ਧੁੱਸੀ ਬੰਨ੍ਹ 'ਤੇ ਬੈਠੇ ਹਨ ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ। ਪਿੰਡ ਬਾਘੂਵਾਲ ਦੇ ਕੁਝ ਲੋਕਾਂ ਨੇ ਦੱਸਿਆ ਕਿ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਦੇ ਸੇਵਾਦਾਰਾਂ ਵਲੋਂ ਧੁੱਸੀ ਬੰਨ੍ਹ 'ਤੇ ਰਹਿ ਰਹੇ ਪਰਿਵਾਰਾਂ ਨੂੰ ਸਵੇਰੇ-ਸ਼ਾਮ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਵੀ ਉਹ ਹੀ ਕਰ ਰਹੇ ਹਨ।
ਮੌਕੇ 'ਤੇ ਮਿਲੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਰਸ਼ਪਾਲ ਸਿੰਘ ਫਜ਼ਲਾਬਾਦ ਨੇ ਦੱਸਿਆ ਕਿ ਧੁੱਸੀ ਬੰਨ੍ਹ 'ਤੇ ਬੈਠੇ ਲੋਕਾਂ ਨੂੰ ਤਰਪਾਲਾਂ ਦੀ ਘਾਟ ਮਹਿਸੂਸ ਹੋ ਰਹੀ ਹੈ, ਜਿਥੋਂ ਤੱਕ ਕਿ ਬਿਜਲੀ ਦਾ ਸਬੰਧ ਹੈ, ਉਸ ਦਾ ਪ੍ਰਬੰਧ ਵੀ ਆਰਜ਼ੀ ਤੌਰ 'ਤੇ ਖ਼ੁਦ ਲੋਕਾਂ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਅਜੇ ਤੱਕ ਇਨ੍ਹਾਂ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਪੁਲ ਤੋਂ ਲੈ ਕੇ ਬਾਜਾ ਤੱਕ ਬਣੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਹਿਰਵਾਲਾ, ਬਾਜਾ ਤੇ ਹੋਰ ਪਿੰਡਾਂ ਦੇ ਲੋਕ ਲਗਾਤਾਰ ਮਿੱਟੀ ਪਾ ਰਹੇ ਹਨ। ਅੱਜ ਬਾਰਿਸ਼ ਕਾਰਨ ਕੁਝ ਸਮਾਂ ਮਿੱਟੀ ਪਾਉਣ ਦਾ ਕੰਮ ਪ੍ਰਭਾਵਿਤ ਹੋਇਆ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਖ਼ਦਸ਼ਾ ਹੈ ਕਿ ਜੇ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਤਾਂ ਇਲਾਕੇ ਦੇ ਲੋਕਾਂ ਵਲੋਂ ਲਗਾਇਆ ਗਿਆ ਇਹ ਆਰਜ਼ੀ ਬੰਨ੍ਹ ਟੁੱਟ ਸਕਦਾ ਹੈ। ਇਸ ਲਈ ਉਹ ਲਗਾਤਾਰ ਬੰਨ੍ਹ ਦੀ ਮਜ਼ਬੂਤੀ ਕਰਨ ਵਿਚ ਜੁਟੇ ਹੋਏ ਹਨ।