JALANDHAR WEATHER

ਜ਼ਿੰਬਾਬਵੇ ਦੇ ਵਿਦਿਆਰਥੀ ’ਤੇ ਹਮਲੇ ਦੇ ਕਥਿਤ ਦੋਸ਼ਾਂ ਤਹਿਤ ਚਾਰ ਖਿਲਾਫ਼ ਮਾਮਲਾ ਦਰਜ਼

ਤਲਵੰਡੀ ਸਾਬੋ, (ਬਠਿੰਡਾ), 14 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਕੱਲ੍ਹ ਸਥਾਨਕ ਨਿੱਜੀ ਯੂਨੀਵਰਸਿਟੀ ’ਚ ਪੜਦੇ ਜ਼ਿੰਬਾਬਵੇ ਦੇਸ਼ ਦੇ ਵਿਦਿਆਰਥੀ ਜ਼ਿਵਿਆ ਲੀਰੌਏ ਉੱਪਰ ਕਾਰ ਸਵਾਰ ਅਣ-ਪਛਾਤੇ ਵਿਅਕਤੀਆਂ ਵਲੋਂ ਕੀਤੇ ਹਮਲੇ ਦੇ ਕਥਿਤ ਦੋਸ਼ਾਂ ਤਹਿਤ ਅੱਜ ਤਲਵੰਡੀ ਸਾਬੋ ਪੁਲਿਸ ਨੇ ਉਕਤ ਯੂਨੀਵਰਸਿਟੀ ਦੇ ਹੀ ਇਕ ਸੁਰੱਖਿਆ ਮੁਲਾਜ਼ਮ ਸਮੇਤ ਚਾਰ ਵਿਅਕਤੀਆਂ ਅਤੇ ਇਕ ਅਣ-ਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਅੱਜ ਐੱਸ.ਪੀ. (ਇਨਵੈਸਟੀਗੇਸ਼ਨ) ਬਠਿੰਡਾ ਜਸਮੀਤ ਸਿੰਘ ਸਾਹੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਮਜ਼ ’ਚ ਜੇਰੇ ਇਲਾਜ ਵਿਦੇਸ਼ੀ ਵਿਦਿਆਰਥੀ ਭਾਂਵੇ ਅਜੇ ਬਿਆਨ ਦੇਣ ਦੀ ਹਾਲਤ ’ਚ ਨਹੀਂ ਹੈ ਪਰ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਿਥੇ ਕਥਿਤ ਹਮਲਾਵਰਾਂ ਦੀ ਹਾਦਸਾਗ੍ਰਸਤ ਕਾਰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਵਿਦੇਸ਼ੀ ਮੂਲ ਦੇ ਉਕਤ ਵਿਦਿਆਰਥੀ ਦੀ ਬੀਤੇ ਦਿਨ ਯੂਨੀਵਰਸਿਟੀ ਦੇ ਇਕ ਸੁਰੱਖਿਆ ਮੁਲਾਜ਼ਮ ਨਾਲ ਬਹਿਸ ਹੋਈ ਸੀ, ਜਿਸ ਦੇ ਬਦਲੇ ਸੁਰੱਖਿਆ ਮੁਲਾਜ਼ਮ ਦਿਲਪ੍ਰੀਤ ਸਿੰਘ ਵਾਸੀ ਹੱਸੂ (ਹਰਿਆਣਾ) ਨੇ ਆਪਣੇ ਸਾਥੀਆਂ ਨਾਲ ਮਿਲਕੇ ਉਕਤ ਵਿਦਿਆਰਥੀ ’ਤੇ ਹਮਲਾ ਕਰ ਦਿੱਤਾ, ਜਿਸ ’ਚ ਉਹ ਗੰਭੀਰ ਜ਼ਖਮੀ ਹੋ ਗਿਆ।


ਪੁਲਿਸ ਨੇ ਜਾਂਚ ਦੇ ਆਧਾਰ ’ਤੇ ਦਿਲਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਲਵਪ੍ਰੀਤ ਸਿੰਘ ਵਾਸੀ ਹੱਸੂ, ਮੰਗੂ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀਆਨ ਫ਼ਤਹਿਗੜ੍ਹ ਨੌ ਅਬਾਦ ਅਤੇ ਇਕ ਅਣ-ਪਛਾਤੇ ਖਿਲਾਫ਼ ਇਰਾਦ-ਏ-ਕਤਲ ਸਮੇਤ ਕਈ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਬਾਕੀ ਕਥਿਤ ਦੋਸ਼ੀਆਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਹ ਜਲਦ ਫੜ ਲਏ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ