20 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਕਾਬੂ
ਖੇਮਕਰਨ, 14 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਖੇਤਰ ਵਿਚ ਹੈਰੋਇਨ ਦੀ ਤਸਕਰੀ ਕਰਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਖੇਮਕਰਨ ਥਾਣੇ ਦੀ ਪੁਲਿਸ ਨੂੰ ਕੱਲ੍ਹ ਉਸ ਸਮੇਂ ਵੱਡੀ ਕਾਮਯਾਬੀ ਮਿੱਲੀ। ਜਦੋਂ ਪੁਲਿਸ ਨੇ ਦੋ ਵੱਖ-ਵੱਖ ਜਗ੍ਹਾ ਤੋਂ 20 ਕਰੋੜ ਦੇ ਮੁੱਲ ਦੀ 4 ਕਿੱਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਜਦਕਿ ਦੋ ਤਸਕਰ ਵੀ ਰੰਗੇ ਹੱਥੀਂ ਪੁਲਿਸ ਦੇ ਹੱਥੇ ਚੜ੍ਹ ਗਏ ਜੋ ਪਾਕਿਸਤਾਨੀ ਡ੍ਰੋਨ ਵਲੋਂ ਸੁੱਟੇ ਗਏ ਇਕ ਪੈਕੇਟ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਵਿਚ ਸਨ।
ਜਾਣਕਾਰੀ ਮੁਤਾਬਕ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਨੇ ਪਿੰਡ ਮਾਛੀਕੇ ਨਜ਼ਦੀਕ ਪੁਲ ਸੂਆ ਉਤੇ ਨਾਕੇ ਦੌਰਾਨ ਪਿੰਡ ਮਾਛੀਕੇ ਵਲੋਂ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕਮਾਲੇਵਾਲਾ ਥਾਣਾ ਫ਼ਿਰੋਜ਼ਪੁਰ ਤੇ ਗੁਰਦਿੱਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੇਟ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ। ਪੁਲਿਸ ਨੇ ਗੁਰਦਿੱਤ ਸਿੰਘ ਦੇ ਹੱਥ ਵਿਚ ਫੜੇ ਝੋਲੇ ਵਿਚੋਂ ਮਿਲੇ ਪੀਲੇ ਰੰਗ ਦੀ ਟੇਪ ਨਾਲ ਲਪੇਟੇ ਦੋ ਪੈਕੇਟਾਂ ਵਿਚੋਂ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ। ਪੈਕੇਟ ਨਾਲ ਲੋਹੇ ਦੀ ਕੁੰਡੀ ਲੱਗੀ ਹੋਈ ਮਿਲੀ, ਜਿਸ ਤੋਂ ਸਪੱਸ਼ਟ ਹੈ ਕਿ ਇਹ ਪੈਕੇਟ ਡ੍ਰੋਨ ਤੋਂ ਡਿੱਗਾ ਹੈ। ਇਸ ਮੌਕੇ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਨੇ ਸਰਹੱਦੀ ਪਿੰਡ ਮਹਿੰਦੀਪੁਰ ਵਿਚੋਂ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਨੂੰ ਗੁਰਜੀਤ ਸਿੰਘ ਪੁੱਤਰ ਅਨੋਖ ਸਿੰਘ ਨੇ ਸੂਚਿਤ ਕੀਤਾ ਕਿ ਸਾਡੇ ਪਿੰਡ ਵਿਚਲੇ ਸ਼ਮਸ਼ਾਨ ਘਾਟ ਦੀਆਂ ਝਾੜੀਆਂ ਵਿਚ ਕੋਈ ਇਤਰਾਜ਼ਯੋਗ ਚੀਜ਼ ਡਿੱਗੀ ਪਈ ਹੈ, ਜਿਸ ਉਤੇ ਪੁਲਿਸ ਪਾਰਟੀ ਨੇ ਤੁਰੰਤ ਮੌਕੇ ਉਤੇ ਜਾ ਕੇ ਜਾਂਚ ਕੀਤੀ ਤਾਂ ਡ੍ਰੋਨ ਵਲੋਂ ਸੁੱਟੇ ਗਏ ਝੋਲੇ ਵਿਚੋਂ ਪੀਲੇ ਰੰਗ ਦੀ ਟੇਪ ਵਿਚ ਲਪੇਟੇ 6 ਪੈਕੇਟ ਮਿਲੇ ਜਿਨ੍ਹਾਂ ਵਿਚੋਂ ਤਿੰਨ ਕਿੱਲੋ ਹੈਰੋਇਨ ਬਰਾਮਦ ਹੋਈ ਜਦਕਿ ਚਾਰ ਸੋ ਗ੍ਰਾਮ ਪੈਕਿੰਗ ਮਟੀਰੀਅਲ ਨਿਕਲਿਆ। ਪੁਲਿਸ ਵਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।