ਬੰਗਲਾਦੇਸ਼ ਵਿਚ ਸਥਾਨਕ ਸਿਆਸਤਦਾਨ ਵਲੋਂ 21 ਸਾਲਾ ਹਿੰਦੂ ਔਰਤ ਨਾਲ ਬਲਾਤਕਾਰ, 5 ਗ੍ਰਿਫ਼ਤਾਰ

ਢਾਕਾ (ਬੰਗਲਾਦੇਸ਼) , 29 ਜੂਨ - ਪੁਲਿਸ ਨੇ ਮੁਰਾਦਨਗਰ ਉਪਜਿਲਾ ਵਿਚ 21 ਸਾਲਾ ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਮੁੱਖ ਸ਼ੱਕੀ, ਸਥਾਨਕ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੇਤਾ ਫਜ਼ੋਰ ਅਲੀ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤਾ ਦੀ ਵੀਡੀਓ ਰਿਕਾਰਡ ਕਰਨ ਅਤੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਲਈ 3 ਹੋਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਰਾਮਚੰਦਰਪੁਰ ਪਚਕਿੱਟਾ ਪਿੰਡ ਦਾ 38 ਸਾਲਾ ਫਜ਼ੋਰ ਅਲੀ ਕਥਿਤ ਤੌਰ 'ਤੇ ਰਾਤ 10 ਵਜੇ ਦੇ ਕਰੀਬ ਪੀੜਤਾ ਦੇ ਪਿਤਾ ਦੇ ਘਰ ਵਿਚ ਦਾਖ਼ਲ ਹੋਇਆ ਸੀ। ਪੀੜਤਾ, ਜਿਸ ਦਾ ਪਤੀ ਦੁਬਈ ਵਿਚ ਕੰਮ ਕਰ ਰਿਹਾ ਹੈ, ਸਥਾਨਕ ਤਿਉਹਾਰ ਹਰੀ ਸੇਵਾ ਲਈ ਆਪਣੇ ਬੱਚਿਆਂ ਨਾਲ ਆਪਣੇ ਪਿਤਾ ਦੇ ਘਰ ਰਹਿ ਰਹੀ ਸੀ। ਪੀੜਤਾ ਵਲੋਂ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰਨ ਤੋਂ ਬਾਅਦ ਅਲੀ ਜ਼ਬਰਦਸਤੀ ਘਰ ਵਿਚ ਦਾਖ਼ਲ ਹੋਇਆ ਅਤੇ ਉਸ 'ਤੇ ਹਮਲਾ ਕੀਤਾ। ਸਥਾਨਕ ਲੋਕਾਂ ਨੇ ਅਲੀ ਨੂੰ ਫੜ ਲਿਆ ਅਤੇ ਕੁੱਟਿਆ ਪਰ ਉਹ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਅੱਜ ਸਵੇਰੇ ਲਗਭਗ 5 ਵਜੇ ਢਾਕਾ ਦੇ ਸੈਦਾਬਾਦ ਖੇਤਰ ਤੋਂ ਫਜ਼ੋਰ ਅਲੀ ਨੂੰ ਗ੍ਰਿਫ਼ਤਾਰ ਕੀਤਾ।