30-06-2025
ਸੁਭਾਸ਼ ਪਰਿਹਾਰ @ Social Media
ਲੇਖਕ : ਸੁਭਾਸ਼ ਪਰਿਹਾਰ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 98728-22417
ਜਿਵੇਂ ਕਿ ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਵਿਚ ਅਜਿਹੀਆਂ ਲਿਖਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਲੇਖਕ ਨੇ ਵੱਖ-ਵੱਖ ਸਮਿਆਂ 'ਤੇ ਸੋਸ਼ਲ ਮੀਡੀਆ ਤੋਂ ਹਾਸਲ ਕੀਤੀਆਂ ਹਨ। ਲੇਖਕ ਦਾ ਅਧਿਐਨ ਵਿਸ਼ਾਲ ਹੈ। ਆਪਣੀ ਜਗਿਆਸਾ ਨੂੰ ਤ੍ਰਿਪਤ ਕਰਨ ਲਈ ਨਿਰੰਤਰ ਜੁਟਿਆ ਰਹਿੰਦਾ ਹੈ। ਉਸ ਨੇ ਉੱਤਮ ਪੁਰਖੀ ਸ਼ੈਲੀ ਵਿਚ ਪੜ੍ਹੀਆਂ-ਪੜ੍ਹਾਈਆਂ, ਸੁਣੀਆਂ ਸੁਣਾਈਆਂ, ਹੱਡੀਂ ਹੰਢਾਈਆਂ, ਸ਼ਿੱਦਤ ਨਾਲ ਅਨੁਭਵ ਕੀਤੀਆਂ ਅਤੇ ਹੋਰਨਾਂ ਵਿਦਵਾਨਾਂ/ ਬੁੱਧੀਜੀਵੀਆਂ / ਲੇਖਕਾਂ ਦਾ ਹਵਾਲਿਆਂ ਨਾਲ ਤਰਕਪੂਰਨ ਵਿਸ਼ਲੇਸ਼ਣ ਪ੍ਰਸਤੁਤ ਕਰਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। 'ਪਰਿਹਾਰ' ਨੇ ਆਪਣੇ ਅਧਿਐਨ ਦੇ ਆਧਾਰ 'ਤੇ ਵਿਸ਼ਵ ਪ੍ਰਸਿੱਧ ਲੇਖਕਾਂ ਦੀਆਂ ਮਨ-ਪਸੰਦ ਲਿਖਤਾਂ ਤੋਂ ਇਲਾਵਾ, ਭਾਰਤੀ ਲੇਖਕਾਂ/ਪੰਜਾਬੀ ਦੇ ਹਰਮਨ ਪਿਆਰੇ ਲੇਖਕਾਂ ਦੀਆਂ ਰਚਨਾਵਾਂ ਦੇ 'ਕੇਂਦਰੀ ਸੂਤਰ' ਪ੍ਰਸਤੁਤ ਕਰਕੇ ਪਾਠਕਾਂ ਦੇ ਗਿਆਨ ਵਿਚ ਵਾਧਾ ਕੀਤਾ ਹੈ। ਵੱਖ-ਵੱਖ ਭਾਸ਼ਾਵਾਂ ਦੇ ਅਜਿਹੇ ਲੇਖਕ ਹਨ, ਜਿਵੇਂ ਪ੍ਰੋ. ਅਹਿਸਾਨ ਰਜ਼ਾ ਖਾਨ, ਪ੍ਰੋ. ਇਰਫ਼ਾਨ ਹਬੀਬ, ਰੋਮਿਲਾ ਥਾਪਰ, ਰਾਮ ਚੰਦਰ ਗੋਹਾ, ਨੌਮ ਚੌਮਸਕੀ, ਅਲਬਰਟ ਆਈਨਸਟਾਈਨ, ਸਲਮਾਨ ਰਸ਼ਦੀ, ਕੌਸ਼ਿਕ ਬਾਸੂ, ਲਿਉ ਟਾਲਸਟਾਇ, ਹਰਿਸ਼ੰਕਰ ਪਾਰਸਾਈ, ਰਸਕਿਲ ਬਾਂਡ, ਰਾਕੇਸ਼ ਰਮਨ, ਪ੍ਰੀਮੋ ਲੈਵੀ, ਸਿਮਰਤੀ ਜੈਡੀ ਸਮਿੱਥ ਤੋਂ ਬਿਨਾਂ ਪੰਜਾਬੀ ਲੇਖਕ ਗੁਰਨਾਮ ਸਿੰਘ ਤੀਰ, ਭੂਸ਼ਨ, ਵਾਰਿਸ ਸ਼ਾਹ, ਪਾਸ਼, ਡਾ. ਬਰਜਿੰਦਰ ਸਿੰਘ ਹਮਦਰਦ, ਸੰਤ ਸਿੰਘ ਸੇਖੋਂ, ਡਾ. ਹਰਿਭਜਨ ਸਿੰਘ, ਬਲਵੰਤ ਗਾਰਗੀ, ਪ੍ਰੋ. ਗੁਲਵੰਤ ਸਿੰਘ, ਪ੍ਰੋ. ਗੁਰਦਿਆਲ ਸਿੰਘ, ਦੇਵ ਭਾਰਦਵਾਜ, ਪ੍ਰੇਮ ਪ੍ਰਕਾਸ਼ ਇਤਿ ਆਦਿ। ਲੇਖਕ ਨੇ ਇਤਿਹਾਸ ਅਤੇ ਮਿਥਿਹਾਸ ਦਾ ਅੰਤਹ ਸਮਝਾਇਆ ਹੈ। ਸਾਹਿਤ ਅਤੇ ਕਲਾ ਬਾਰੇ (ਚਿੱਤਰਾਂ ਸਮੇਤ) ਪ੍ਰਮਾਣਿਕ ਜਾਣਕਾਰੀ ਦਿੱਤੀ ਹੈ। ਰਾਜਨੀਤੀ ਵਿਚ ਰੀਸ ਦੀ ਘੜੀਸ ਲਈ ਕੋਈ ਥਾਂ ਨਹੀਂ। ਵੱਖ-ਵੱਖ ਕਲਾਵਾਂ ਦੀਆਂ ਉਦਾਹਰਨਾਂ, ਤਸਵੀਰਾਂ ਸਹਿਤ, ਦਿੱਤੀਆਂ ਹਨ। ਲੇਖਕ ਨੇ ਵੀ ਆਪ ਕੋਲਾਜ ਬਣਾਏ ਹਨ। ਲੇਖਕ ਕਮਿਊਨਿਸਟ ਵਿਚਾਰਧਾਰਾ ਦਾ ਸਮਰਥਕ ਹੈ। ਉਸ ਨੇ ਤਰਕਪੂਰਨ ਸੱਚੀਆਂ ਗੱਲਾਂ ਕੀਤੀਆਂ ਨੇ, ਭਾਵੇਂ ਕਿਸੇ ਦੇ ਗੋਡੇ ਲੱਗਣ, ਭਾਵੇਂ ਗਿੱਟੇ, ਗੱਲ ਕੀ ਅਨੇਕਾਂ ਐਪੀਸੋਡ ਯੂ-ਟਿਊਬ ਤੋਂ ਉਪਲਬਧ ਕਰਵਾਏ ਹਨ। ਅਜਿਹੇ ਲਿੰਕਾਂ ਦੇ ਹਵਾਲੇ ਵੀ ਦਿੱਤੇ ਹਨ। ਕਿਹੜੇ ਲਿੰਕ ਤੋਂ ਕਿਹੜੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੰਖੇਪ ਵਿਚ ਇਹ ਕਿ ਹਥਲੀ ਪੁਸਤਕ ਸੋਸ਼ਲ ਮੀਡੀਆ ਬਾਰੇ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ। ਲੇਖਕ ਵਧਾਈ ਦਾ ਪਾਤਰ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਸੰਤਾਲੀ ਤੋਂ ਚੁਰਾਸੀ ਤੱਕ
ਚਿੱਤਰਕਾਰਾਂ ਦੀ ਨਜ਼ਰ ਵਿਚ
ਲੇਖਕ : ਜਗਤਾਰਜੀਤ ਸਿੰਘ
ਪ੍ਰਕਾਸ਼ਕ : ਭੁਜੱਗੀ ਪ੍ਰਕਾਸ਼ਨ, ਸ੍ਰੀ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 118
ਸੰਪਰਕ : 78144-18894
ਇਹ ਪੁਸਤਕ ਕੋਈ ਆਮ ਪੁਸਤਕ ਨਹੀਂ ਸਗੋਂ ਦਸਤਾਵੇਜ਼ੀ ਮਹੱਤਵ ਵਾਲੀ ਬਹੁਤ ਵੱਖਰੀ ਤੇ ਵਿਸ਼ੇਸ਼ ਖੋਜ ਭਰਪੂਰ ਕਿਰਤ ਹੈ। ਇਸ ਦਾ ਇਤਿਹਾਸਕ ਮੁੱਲ ਤੇ ਮਹੱਤਵ ਵੀ ਬਹੁਤ ਹੈ। ਜਗਤਾਰਜੀਤ ਸਿੰਘ ਨੇ ਬਹੁਤ ਮਿਹਨਤ ਤੇ ਸਿਰੜ ਨਾਲ ਉਨ੍ਹਾਂ ਚਿੱਤਰਕਾਰਾਂ ਦੇ ਚਿੱਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਵਿਚ ਸੰਨ ਸੰਤਾਲੀ ਤੇ ਜੂਨ/ਨਵੰਬਰ ਚੁਰਾਸੀ ਦੇ ਵਰਤਾਰਿਆਂ/ਘਟਨਾਵਾਂ ਕਾਰਨ ਸੰਤਾਪ ਗ੍ਰਸਤ ਪੰਜਾਬੀ/ਸਿੱਖ ਮਾਨਸਿਕਤਾ ਵਿਚ ਫੈਲੇ ਦਰਦ ਦੀ ਗਹਿਰਾਈ ਮਾਪਣ ਦੀ ਕਲਾਤਮਿਕ ਕੋਸ਼ਿਸ਼ ਕੀਤੀ ਗਈ ਹੈ। ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਸਾਹਿਤ ਖੇਤਰ ਦੇ ਉਲਟ, ਚਿੱਤਰਕਾਰੀ ਦੇ ਖੇਤਰ ਵਿਚ ਕੁਝ ਚੁਣੀਂਦਾ ਕਲਾਕਾਰਾਂ ਨੇ ਹੀ ਇਨ੍ਹਾਂ ਡੂੰਘੇ ਜ਼ਖ਼ਮਾਂ ਦੀ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਅਭਿਵਿਅਕਤੀ ਕੀਤੀ ਹੈ। ਸੰਨ ਸੰਤਾਲੀ ਦੀ ਵੰਡ ਦੇ ਮੁਕਾਬਲੇ ਜੂਨ/ਨਵੰਬਰ ਚੁਰਾਸੀ ਦੀਆਂ ਘਟਨਾਵਾਂ ਬਾਰੇ ਤਾਂ ਬਹੁਤ ਹੀ ਸੀਮਤ ਕੰਮ ਹੋਇਆ ਹੈ। ਅਜਿਹੀ ਘੋਰ ਦੀ ਦੁੱਖ ਦੀ ਘੜੀ ਵਿਚ ਵੱਡੀ ਗਿਣਤੀ ਚਿੱਤਰਕਾਰ ਕਲਾਕਾਰਾਂ ਦਾ ਮੂਕ ਦਰਸ਼ਕ ਬਣੇ ਰਹਿਣਾ ਕੇਵਲ 'ਕਲਾ, ਕਲਾ ਲਈ' ਸਿਧਾਂਤ ਦੀ ਪੈਰਵਾਈ ਹੀ ਹੋ ਸਕਦਾ ਹੈ। ਦੁੱਖ ਤਾਂ ਇਸ ਗੱਲ ਦਾ ਵੀ ਹੈ ਕਿ ਜਿੰਨਾ ਵੀ ਕੰਮ ਹੋਇਆ ਸੀ, ਉਸ ਨੂੰ ਇਕ ਥਾਂ ਇਕੱਤਰ ਕਰਕੇ, ਉਸ ਦੀ ਕਲਾਤਮਿਕ ਵਿਆਖਿਆ ਕਰਨ ਦੀ ਕੋਸ਼ਿਸ਼ ਵੀ ਨਹੀਂ ਹੋਈ। ਇਸੇ ਲਈ ਹਥਲੀ ਕਿਤਾਬ ਦੇ ਰੂਪ ਵਿਚ ਸਾਹਮਣੇ ਆਏ ਕੰਮ ਨੂੰ ਮੈਂ ਇਤਿਹਾਸਕ ਮੁੱਲ ਤੇ ਮਹੱਤਵ ਦਾ ਸੂਚਕ ਕਿਹਾ ਹੈ।
ਇਸ ਪੁਸਤਕ 'ਚ ਦਰਜ ਚਿੱਤਰ ਦੁੱਖੀ ਜੀਵਨ (ਸ਼ੋਭਾ ਸਿੰਘ), ਚੀਖ ਤੇ ਇਕ ਮੂਰਤੀ (ਐਸ. ਐਲ. ਪਰਾਸ਼ਰ), ਰੀਯੂਨੀਅਨ, ਡਿਸਪੇਅਰ (ਧੰਨਰਾਜ), ਐਂਗਇਸ਼ਡ ਕਰਾਈਜ਼ (ਅਮਰਨਾਥ ਸਹਿਗਲ), ਮੈਰਨਰਸ (ਪ੍ਰਾਣ ਨਾਥ ਮਾਗੋ), ਬਿਨ ਸਿਰਲੇਖ ਦੇ (ਕ੍ਰਿਸ਼ਨ ਖੰਨਾ) ਤੇ ਡਿਸਪੇਅਰ, ਸਮੂਹਿਕ ਵਿਰਲਾਪ (ਸਤੀਸ਼ ਗੁਜਰਾਲ) ਦੇ ਚਿੱਤਰ ਸੰਨ ਸੰਤਾਲੀ ਦੀ ਦੇਸ਼ ਵੰਡ ਨਾਲ ਸੰਬੰਧਿਤ ਜਦ ਕਿ ਸਕਾਰਡ ਸਿਟੀ (ਪ੍ਰੇਮ ਸਿੰਘ), ਬਲੈਕ ਅਰੇਨਾ (ਵਿਵਾਨ ਸੁੰਦਰਮ), ਆਫਟਰ ਦੀ ਮੈਸੇਕਰ, 1947 (ਅਰਪਨਾ ਕੌਰ), ਪਾਸਟ ਮੈਮੋਰੀਜ਼ (ਸੁਰਜੀਤ ਅਕਰੇ) ਤੇ ਸਟਾਰਮਿੰਗ ਆਫ਼ ਗੋਲਡਨ ਟੈਂਪਲ (ਸਿੰਘ ਟਵਿਨਜ਼), ਚਿੱਤਰ ਜੂਨ ਤੇ ਨਵੰਬਰ ਚੁਰਾਸੀ ਦੀਆਂ ਘਟਨਾਵਾਂ ਕਾਰਨ ਪੀੜਾ ਗ੍ਰਸਤ ਹੋਈ ਲੋਕ ਮਾਨਸਿਕਤਾ ਦੀ ਕਲਾਤਮਿਕ ਅਭਿਵਿਅਕਤੀ ਹਨ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਜੂਨ ਚੁਰਾਸੀ ਵੇਲੇ ਦੀ ਸਰਕਾਰੀ ਦਹਿਸ਼ਤ ਦੀ ਚਿੱਤਰਕਸ਼ੀ ਕੇਵਲ ਸੁਰਜੀਤ ਅਕਰੇ ਤੇ ਸਿੰਘ ਟਵਿਨਜ਼ (ਅੰਮ੍ਰਿਤ ਕੌਰ ਤੇ ਰਵਿੰਦਰ ਕੌਰ) ਦੇ ਚਿੱਤਰਾਂ ਵਿਚ ਹੀ ਉਪਲਬਧ ਹੈ।
ਇਸ ਪੁਸਤਕ ਦਾ ਇਕ ਅਤਿ ਅਹਿਮ ਪੱਖ ਚਿੱਤਰਕਾਰਾਂ ਦੀ ਜਾਣ-ਪਛਾਣ ਅਤੇ ਉਨ੍ਹਾਂ ਦੀਆਂ ਕਿਰਤਾਂ ਦੀ ਕਲਾਤਮਿਕ ਵਿਆਖਿਆ ਹੈ। ਇਸ ਨਾਲ ਹਰ ਚਿੱਤਰਕਾਰ ਦੀ ਖਸੂਸੀ ਕਲਾ ਸ਼ੈਲੀ ਤੇ ਮੁਹਾਵਰਾ ਅਤੇ ਸੰਬੰਧਿਤ ਚਿੱਤਰ ਦੀ ਸਮਕਾਲ ਤੇ ਇਤਿਹਾਸ ਦੇ ਦੁਵੱਲੇ ਕਾਲ-ਖੰਡ ਪਸਾਰੇ ਵਿਚ ਫੈਲੀ ਵਿਸ਼ੇਸ਼ਤਾ ਖ਼ੁਦ-ਬ-ਖ਼ੁਦ ਸਾਹਮਣੇ ਆ ਜਾਂਦੀ ਹੈ। ਇਹ ਤੱਥ ਵੀ ਦਿਲਚਸਪ ਹੈ ਕਿ ਆਮ ਕਰਕੇ ਸੋਭਾ ਸਿੰਘ ਨੇ ਵੱਖ-ਵੱਖ ਧਰਮਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਪੰਜਾਬੀ ਕਿੱਸਾ ਕਾਵਿ ਦੇ ਨਾਇਕ-ਨਾਇਕਾਵਾਂ ਨੂੰ ਹੀ ਚਿੱਤਰਿਤ ਕੀਤਾ ਹੈ ਜਦ ਕਿ ਇਸ ਪੁਸਤਕ ਵਿਚ ਦਰਜ ਕਿਰਤ 'ਦੁੱਖੀ ਜੀਵਨ' ਵਿਚ ਹੰਸਾ ਤੇ ਹਿੰਸਾ ਦੇ ਪ੍ਰਭਾਵ ਨੂੰ ਕੈਨਵਸ 'ਤੇ ਪੇਸ਼ ਕੀਤਾ ਗਿਆ ਹੈ। ਜੇ ਹੋਰ ਖੋਜ ਹੋਵੇ ਤਾਂ ਹੋ ਸਕਦਾ ਅਜਿਹਾ ਅਪਵਾਦੀ ਕੰਮ ਹੋਰ ਵੀ ਸਾਹਮਣੇ ਆਵੇ। ਫਿਲਹਾਲ ਇਕ ਵੱਡੇ ਮਹੱਤਵ ਵਾਲੇ ਖੋਜ ਪ੍ਰਾਜੈਕਟ ਨੂੰ ਕਿਤਾਬੀ ਰੂਪ ਵਿਚ ਸਾਹਮਣੇ ਲਿਆਉਣ ਲਈ ਜਗਤਾਰਜੀਤ ਸਿੰਘ ਪ੍ਰਸੰਸਾ ਤੇ ਵਧਾਈ ਦੇ ਹੱਕਦਾਰ ਹਨ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਕੁੱਜੇ ਵਿੱਚ ਸਮੁੰਦਰ
ਲੇਖਕ : ਅਮਰੀਕ ਸਿੰਘ ਤਲਵੰਡੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94635-42896
ਸ਼ਾਇਰ ਅਮਰੀਕ ਸਿੰਘ ਤਲਵੰਡੀ (ਸ਼੍ਰੋਮਣੀ ਸਟੇਟ ਅਤੇ ਨੈਸ਼ਨਲ ਅਵਾਰਡੀ) ਕਿਸੇ ਰਸਮੀ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ, ਕਿਉਂਕਿ ਉਹ ਦੇਸ਼-ਵਿਦੇਸ਼ ਵਿਚ ਆਪਣੇ ਸ਼ਬਦ-ਸਾਧਕ ਦੀ ਪ੍ਰਬੀਨਤਾ ਦਾ ਸਿੱਕਾ ਮੰਨਵਾ ਰਹੇ ਹਨ। ਜਿਥੇ ਉਹ ਬਾਲ ਸਾਹਿਤ ਵਿਚ ਇਕ ਧਰੂ ਤਾਰੇ ਵਾਂਗ ਚਮਕ ਰਹੇ ਹਨ, ਉਥੇ ਸੱਭਿਆਚਾਰਕ ਗੀਤਾਂ ਦੇ ਰਚੇਤਾ ਵੀ ਹਨ, ਜਿਨ੍ਹਾਂ ਨੂੰ ਨਾਮਵਰ ਗਾਇਕਾ ਸਾਜ਼ ਅਤੇ ਆਵਾਜ਼ ਰਾਹੀਂ ਪੰਜਾਬੀ ਸਰੋਤਿਆਂ ਦੇ ਕੰਨ ਰਸ ਦਾ ਸਾਰਥਿਕ ਮਨੋਰੰਜਨ ਵੀ ਕਰਵਾ ਰਹੇ ਹਨ। ਹਥਲੀ ਕਾਵਿ-ਕਿਤਾਬ 'ਕੁੱਜੇ ਵਿਚ ਸਮੁੰਦਰ' ਤੋਂ ਪਹਿਲਾਂ ਵੀ 35 ਬਹੁ ਵਿਧਾਈ ਕਿਰਤਾਂ ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਇਹ ਸ਼ਾਇਰ ਦਸਤਕ ਦੇ ਚੁੱਕਿਆ ਹੈ। ਹਥਲੀ ਕਾਵਿ-ਕਿਤਾਬ ਨੂੰ 112 ਸਫ਼ਿਆਂ 'ਤੇ ਕਵਿਤਾਇਆ ਗਿਆ ਹੈ, ਜਿਸ ਵਿਚ 408 ਕਾਵਿ-ਟੁਕੜੀਆਂ (ਜਿਸ ਨੂੰ ਸ਼ਾਇਰ ਦੇ ਸ਼ੇਅਰ ਕਿਹਾ ਹੈ) ਅੰਕਿਤ ਹਨ। ਸ਼ਾਇਰ ਕਿਉਂਕਿ ਇਕ ਨਾਮਵਰ ਅਧਿਆਪਕ ਹੈ ਅਤੇ ਅਧਿਆਪਕਾਂ ਵਾਂਗ ਇਨ੍ਹਾਂ ਕਾਵਿ-ਟੁਕੜੀਆਂ ਰਾਹੀਂ ਸਮਝਣ ਸਮਝਾਉਣ ਦਾ ਕਾਵਿ-ਤਰੱਦਦ ਕਰਕੇ ਕੁੱਜੇ ਵਿਚ ਸਮੁੰਦਰ ਬੰਦ ਕਰ ਰਿਹਾ ਹੈ ਤੇ ਇਸ ਸਮੁੰਦਰ ਦੀਆਂ ਸਿੱਪੀਆਂ ਵਿਚ ਹੀ ਸ਼ਾਬਦਿਕ ਮੋਤੀ ਛੁਪੇ ਹੋਏ ਹਨ। ਸ਼ਾਇਰ ਦੀ ਸ਼ਾਇਰੀ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ 'ਕੁੱਜੇ' ਅਤੇ 'ਸਮੁੰਦਰ' ਦੇ ਮੈਟਾਫ਼ਰ ਤੋਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ ਜਦੋਂ ਉਹ ਥੋੜ੍ਹੇ ਸ਼ਬਦਾਂ ਰਾਹੀਂ ਵੱਡੇ ਅਰਥਾਂ ਨੂੰ ਸਮੇਟਦਾ ਹੈ। ਜਦੋਂ ਇਨ੍ਹਾਂ ਕਾਵਿ-ਟੁਕੜੀਆਂ ਦਾ ਚਿੰਤਨ ਮੰਥਨ ਕੀਤਾ ਜਾਂਦਾ ਹੈ ਤਾਂ ਇਹ ਗੱਲ ਚਿੱਟੇ ਦਿਨ ਵਾਂਗ ਸਾਡੇ ਸਾਹਮਣੇ ਆ ਜਾਂਦੀ ਹੈ ਜਦੋਂ ਉਹ ਬਹੁ-ਅਯਾਮੀ ਤੇ ਬਹੁ-ਦਿਸ਼ਾਵੀ ਮਾਨਵੀ ਸਰੋਕਾਰਾਂ ਤੇ ਫ਼ਿਕਰਾਂ ਨਾਲ ਸਿਲਪੀ ਦਸਤਪੰਜਾ ਲੈਂਦਾ ਹੈ। ਜਦੋਂ ਉਹ ਆਪਣੀ ਖੁਰਦਬੀਨੀ ਅੱਖ ਨਾਲ ਮਨੁੱਖੀ ਵਰਤਾਰਿਆਂ ਦੀ ਸਕੈਨਿੰਗ ਕਰਦਾ ਹੈ ਤਾਂ ਉਹ ਲੇਖਕਾਂ 'ਤੇ ਵੀ ਕਟਾਕਸ਼ੀ ਨਸ਼ਤਰ ਚਲਾਉਂਦਿਆਂ ਦਸਦਾ ਹੈ ਕਿ ਉਹ ਕਿਵੇਂ ਧੜਿਆਂ ਦੀ ਗੰਧਲੀ ਰਾਜਨੀਤੀ ਨਾਲ ਸ਼ਾਸਤਰੀ ਜੁਗਤਾਂ ਰਾਹੀਂ ਆਪਣਿਆਂ ਨੂੰ ਹੀ ਸ਼ੀਰਨੀ ਵੰਡ ਰਹੇ ਹਨ। ਉਹ ਵਿਸ਼ੇਸ਼ ਕਰਕੇ ਕਿਤਾਬਾਂ ਨਾਲ ਦੋਸਤੀ ਕਰਨ, ਵਾਤਾਵਰਨ ਦੀ ਸ਼ੁੱਧਤਾ ਅਤੇ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਨ ਦਾ ਹੋਕਾ ਤਾਂ ਦਿੰਦਾ ਹੀ ਹੈ ਤੇ ਨਾਲ ਹੀ ਗਿਰਗਿਟਾਂ ਵਾਂਗੂ ਰੰਗ ਬਦਲਦੇ ਤੇ ਲਾਰਿਆਂ ਦੇ ਗੁਬਾਰੇ ਉਡਾਉਣ ਵਾਲੇ ਸਿਆਸਤਦਾਨਾਂ ਦੇ ਬਖੀਏ ਉਧੇੜ ਕੇ ਉਨ੍ਹਾਂ ਨੂੰ ਚੌਰਾਹੇ ਵਿਚ ਨੰਗਿਆਂ ਕਰਦਾ ਹੈ। ਕਿਤਾਬ ਦਾ ਟਾਈਟਲ ਵੀ ਬੜਾ ਹੀ ਖ਼ੂਬਸੂਰਤ ਹੈ ਜੋ ਕਿਤਾਬ ਦੇ ਕਾਵਿ ਚਿੰਤਨ ਦੀ ਤੰਦ ਸੂਤਰ ਫੜਾਉਣ ਵਿਚ ਸਹਾਈ ਹੁੰਦਾ ਹੈ। ਕਿਤਾਬ ਦੇ ਪਿਠਵਰਗ 'ਤੇ ਉਸ ਸਮੇਂ ਦੇ ਮਾਣਯੋਗ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਤੋਂ ਨੈਸ਼ਨਲ ਅਵਾਰਡੀ ਦੇ ਪ੍ਰਮਾਣ ਪੱਤਰ ਪ੍ਰਾਪਤ ਕਰਦਿਆਂ ਦੀ ਤਸਵੀਰ ਵੀ ਹੈ। ਕਿਤਾਬ ਪੜ੍ਹਨਯੋਗ ਤਾਂ ਹੈ ਹੀ ਸਾਂਭਣਯੋਗ ਵੀ ਹੈ। ਮਾਂ-ਬੋਲੀ ਦੇ ਇਸ ਸਿਰੜੀ ਯੋਧੇ ਨੂੰ ਸਲਾਮ ਤਾਂ ਕਰਨੀ ਬਦਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਹੂ....
ਲੇਖਕ : ਅਮਰ ਸੂਫ਼ੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 176
ਸੰਪਰਕ : 98555-43660
ਅਮਰ ਸੂਫ਼ੀ ਪੰਜਾਬੀ ਸਾਹਿਤ ਵਿਚ ਚਰਚਿਤ ਨਾਂਅ ਅਤੇ ਸਰਬਾਂਗੀ ਲੇਖਕ ਹੈ। ਉਸ ਨੇ ਬਾਲ ਸਾਹਿਤ, ਵਾਰਤਕ, ਦੋਹੇ, ਬੁਝਾਰਤਾਂ, ਦੋਹੜੇ, ਗੀਤ ਅਤੇ ਗ਼ਜ਼ਲਾਂ ਰਾਹੀਂ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ। ਉਸ ਨੇ ਹੁਣ ਤੱਕ 'ਨਿੱਕੀ ਜਿਹੀ ਗੱਲ' (ਵਾਰਤਕ-2015), 'ਬੀਬਾ ਰਾਣਾ' (ਬਾਲ-ਕਾਵਿ-2015), 'ਰਾਜ ਕਰੇਂਦੇ ਰਾਜਿਆ' (ਦੋਹੇ 2021), ਬੁੱਝ ਬੁਝੱਕੜ (ਬੁਝਾਰਤਾਂ-2022), 'ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ' (ਸੰਪਾਦਿਤ-2023), ਅਧਿਆਪਕ ਹੋਣ ਦਾ ਮਾਣ (ਵਾਰਤਕ-2024), 'ਦੋਹੜਾਵਲੀ' (ਦੋਹੜੇ) ਆਦਿ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ। ਅੱਧੀ ਦਰਜਨ ਤੋਂ ਵੱਧ ਪੁਸਤਕਾਂ ਛਪਾਈ ਅਧੀਨ ਹਨ। ਇਸੇ ਤਰ੍ਹਾਂ 'ਰੂਹ ਦਾ ਰਿਸ਼ਤਾ' (ਗ਼ਜ਼ਲ-ਸੰਗ੍ਰਹਿ), 'ਸਿਕੰਦਰ' ਅਤੇ 'ਅੰਬਰਵੇਲ' (ਨਾਵਲ), 'ਬੁਰੇ ਦਿਨਾਂ ਦਾ ਦੌਰ' (ਸਵੈ-ਜੀਵਨੀ) ਅਤੇ 'ਪਟਨਾ ਤੋਂ ਨਾਂਦੇੜ' (ਮਹਾਂ-ਕਾਵਿ) ਆਦਿ ਪੁਸਤਕਾਂ ਤਿਆਰੀ ਅਧੀਨ ਹਨ। ਹਥਲੀ ਪੁਸਤਕ ਉਸ ਨੇ ਆਪਣੇ ਪ੍ਰੇਰਨਾ-ਸਰੋਤ ਜੰਨਤ ਨਸ਼ੀਨ ਸੂਫ਼ੀ ਸ਼ਾਇਰ ਸੁਲਤਾਨ ਬਾਹੂ ਨੂੰ ਸਮਰਪਿਤ ਕੀਤੀ ਹੈ। ਇਸ ਲਈ ਇਸ ਕਾਵਿ-ਪੁਸਤਕ ਵਿਚ ਪੰਜਾਬੀ ਪਾਠਕ ਜ਼ਿੰਦਗੀ ਦੇ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਵਿਸ਼ਿਆਂ ਨਾਲ ਜੁੜਿਆ ਹੋਇਆ ਅਨੁਭਵ ਕਰੇਗਾ। ਇਸ ਲਈ ਉਸ ਨੇ ਇਸ ਪੁਸਤਕ ਵਿਚ 'ਬਚਪਨ', 'ਰਚਨਾਕਾਰੀ', 'ਸੂਫ਼ੀਆਨਾ ਕਲਾਮ', 'ਹੂ...', 'ਜੋਗੀ', 'ਖੁੱਲ੍ਹੀ ਕਵਿਤਾ', 'ਤਾਲਾਬੰਦੀ ਦਾ ਦੌਰ', 'ਇਸ਼ਕ ਚਿੰਗਾਰੀ', 'ਸੁੱਚੇ ਪਿਆਰ ਮੁਹੱਬਤ ਬਾਝੋਂ', 'ਪਿੰਡ', 'ਚਿਹਰਾ-ਪੋਥੀ', 'ਮਾਂ-ਬੋਲੀ ਪੰਜਾਬੀ', 'ਕਵੀਓ-ਵਾਚ', 'ਕੁਝ ਅੱਲ-ਪਟੱਲ' ਅਤੇ ਫੁਟਕਲ ਅਨੁਵਾਨਾਂ ਹੇਠ ਦੋਹੜਿਆਂ ਦੀ ਰਚਨਾ ਕੀਤੀ ਹੈ। ਸੂਫ਼ੀਆਨਾ ਅਤੇ ਆਧੁਨਿਕ ਦੌਰ ਦੇ ਮਸਲਿਆਂ ਨਾਲ ਦਸਤਪੰਜਾ ਲੈਂਦਿਆਂ ਮਨੁੱਖੀ ਪੀੜ ਨੂੰ ਦਾਰਸ਼ਨਿਕਤਾ, ਇਤਿਹਾਸਕਤਾ, ਸੱਭਿਆਚਾਰਕ ਪ੍ਰਸੰਗਾਂ ਵਿਚ ਢਾਲਦਿਆਂ ਆਪਣੀ ਸਾਦਗੀ, ਸਪੱਸ਼ਟਤਾ ਬੋਲੀ ਅਪਣਾਉਂਦਿਆਂ ਸਾਰਥਕ ਸੰਵਾਦ ਰਚਾਉਣ ਦੀ ਪਿਰਤ ਪਾਈ ਹੈ। ਅੱਜ ਦੇ ਫੇਸ-ਬੁੱਕੀ ਦੌਰ ਲਈ ਉਸ ਨੇ 'ਚਿਹਰਾ-ਪੋਥੀ' ਦਾ ਨਾਂਅ ਦਿੱਤਾ ਹੈ, ਜਿਸ ਵਿਚ ਉਹ ਇਹ ਕਹਿੰਦਾ ਹੈ ਕਿ ਬੱਚੇ ਤੋਂ ਲੈ ਕੇ 80 ਸਾਲਾਂ ਦੇ ਬੁੱਢੇ-ਬੁੱਢੀਆਂ ਤੱਕ ਇਸ ਦੀ ਪਹੁੰਚ ਹੈ। ਹੇਠਲਾ ਦੋਹੜਾ ਪੇਸ਼ ਹੈ :-
ਬੂਥਾ-ਪੋਥੀ ਉੱਤੇ ਅੱਜਕਲ੍ਹ,
ਬਹੁ-ਗਿਣਤੀ ਵਿਚ ਨਾਰਾਂ ਹੂ।
ਸੱਤਰ ਅੱਸੀ ਤੋਂ ਕੁਝ ਉੱਪਰ,
ਕੁਝ ਅੱਲ੍ਹੜ ਮੁਟਿਆਰਾਂ ਹੂ।
ਮੁੰਡੇ, ਕੁੜੀਆਂ ਬਣ ਹੋਰਾਂ ਸੰਗ,
ਜੋੜੀ ਬੈਠੇ ਤਾਰਾਂ ਹੂ।
ਗਹਿਰ-ਗੰਭੀਰ ਜ਼ਰਾ ਜੋ 'ਸੂਫ਼ੀ',
ਨਿੱਗਰ ਕਰਨ ਵੀਚਾਰਾਂ ਹੂ।
ਕਾਵਿ-ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਹੈ। ਅਮਰ ਸੂਫ਼ੀ ਹੋਰਾਂ ਨੂੰ ਬਹੁਤ-ਬੁਹਤ ਮੁਬਾਰਕਾਂ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਇਚੀਗੋ ਇਚੀ
ਦੀ ਕਿਤਾਬ
ਲੇਖਕ : ਹੈਕਟਰ ਗਾਰਸ਼ੀਆ ਤੇ ਫ਼੍ਰਾਂਸੇਕ ਮਿਰਾਲੇਸ
ਅਨੁਵਾਦ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 150
ਸੰਪਰਕ : 98145-28282
ਜਾਪਾਨੀ ਲੋਕਾਂ ਦੇ ਸੱਭਿਆਚਾਰ ਦੇ ਵੱਖਰੇ-ਵੱਖਰੇ ਅੰਦਾਜ਼ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਨ ਦਾ ਕਠਿਨ ਕਾਰਜ, ਜਿਸ ਮਿਹਨਤ ਨਾਲ ਸੁਖਪਾਲ ਸਿੰਘ ਹੁੰਦਲ ਨੇ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਕਿਸੇ ਭਾਸ਼ਾ ਦੀ ਪੁਸਤਕ ਨੂੰ ਆਪਣੀ ਮਾਂ-ਬੋਲੀ ਵਿਚ ਅਨੁਵਾਦ ਕਰਨਾ ਹਾਰੀ-ਸਾਰੀ ਦਾ ਕੰਮ ਨਹੀਂ। ਰੀਵਿਊ ਅਧੀਨ ਪੁਸਤਕ ਵਿਚ ਜਾਪਾਨੀ ਲੇਖਕਾਂ, ਪੁਸਤਕਾਂ ਅਤੇ ਰਸਮੋ-ਰਿਵਾਜ ਨੂੰ ਸ਼ੁੱਧਤਾ ਨਾਲ ਉਲਥਾਣਾ ਹੋਰ ਵੀ ਔਖਾ ਹੈ, ਪ੍ਰੰਤੂ ਸ੍ਰੀ ਹੁੰਦਲ ਨੇ ਪੂਰੀ ਜ਼ਿੰਮੇਵਾਰੀ ਨਾਲ ਅਨੁਵਾਦ ਕੀਤਾ ਹੈ ਅਤੇ ਪੁਸਤਕ ਅੰਦਰ ਵਿਸ਼ਾ-ਵਸਤੂ ਨੂੰ ਖਾਨਿਆਂ ਅਤੇ ਡੱਬੀਆਂ ਵਿਚ ਪੇਸ਼ ਕੀਤਾ ਹੈ। ਅੰਤਰਰਾਸ਼ਟਰੀ ਬੈਸਟਰ ਸੈਲਰ ਇਕੀਗਾਈ ਦੇ ਲੇਖਕਾਂ ਦੀ ਨਵੀਂ ਪੁਸਤਕ ਹੈ, ਜਿਸ ਵਿਚ ਕੇਂਦਰੀ ਨੁਕਤਾ ਹਰ ਪਲ ਦਾ ਅਨੰਦ ਮਾਨਣ ਦੀ ਜਾਪਾਨੀ ਕਲਾ ਅਖਵਾਉਂਦੀ, ਜਿਸ ਨੂੰ 'ਇਚੀਗੋ ਇਚੀ' ਕਿਹਾ ਜਾਂਦਾ ਹੈ। ਚਾਹ ਪੀਣ ਤੇ ਪਿਲਾਉਣ ਦੀ ਜਾਪਾਨੀ ਵਿਧੀ ਤੇ ਪਰੰਪਰਾ ਜਾਪਾਨੀਆਂ ਦੇ ਜੀਵਨ ਦਾ ਅਟੁੱਟ ਅੰਗ ਹੈ। ਇਹ ਉਨ੍ਹਾਂ ਦੇ ਸੱਭਿਆਚਾਰ ਦਾ ਪਛਾਣ-ਚਿੰਨ੍ਹ ਹੈ। ਚੇਤੇ ਰੱਖੋ ਸ਼ੰਭਲਾ ਦਾ ਦਰਵਾਜ਼ਾ ਜੀਵਨ ਵਿਚ ਇਕ ਵਾਰ ਹੀ ਖੁੱਲ੍ਹਦਾ ਹੈ। ਸਾਨੂੰ ਹਰ ਪਲ ਨੂੰ ਇਕ ਕੀਮਤੀ ਖ਼ਜ਼ਾਨੇ ਵਾਂਗ ਸਮਝਣਾ ਚਾਹੀਦਾ ਹੈ। ਇਸ ਪੁਸਤਕ 'ਚ ਲੇਖਕਾਂ ਨੇ ਵਿਚਾਰ ਦੀ ਪੁਸ਼ਟੀ ਕਰਨ ਲਈ ਬੁੱਧਮਤ ਦਰਸ਼ਨ ਦੀ ਟੇਕ ਲਈ ਹੈ। ਜੇ ਤੁਸੀਂ ਅਵਸਰ ਅਤੇ ਮੌਕੇ ਦਾ ਲਾਭ ਨਹੀਂ ਉਠਾਓਗੇ ਤਾਂ ਹਮੇਸ਼ਾ ਲਈ ਗੁਆਚ ਜਾਓਗੇ। ਇਸ ਕਿਤਾਬ ਦਾ ਉਦੇਸ਼ ਜਾਪਾਨੀ ਸੰਸਕ੍ਰਿਤੀ ਦੇ ਬਹੁਤ ਸਾਰੇ ਰੌਚਿਕ ਪਹਿਲੂਆਂ ਨੂੰ ਜਾਣਨ ਦੇ ਨਾਲ-ਨਾਲ ਆਪਣੇ ਲਈ ਅਤੇ ਦੂਜਿਆਂ ਲਈ ਅਭੁੱਲ ਪਲਾਂ ਦੀ ਸਿਰਜਣਾ ਤੇ ਉਨ੍ਹਾਂ ਨੂੰ ਅਨੁਭਵ ਕਰਨਾ ਹੈ। ਚੈਰੀ ਦੇ ਫੁੱਲ ਜਾਪਾਨੀਆਂ ਲਈ ਬਹੁਤ ਮਹੱਤਤਾ ਰੱਖਦੇ ਹਨ। ਭਾਗ ਪਹਿਲਾ : ਅਸਥਾਈਪਣ ਦੀ ਸੁੰਦਰਤਾ, ਭਾਗ ਦੂਜਾ ਇਚੀਗੋ ਇਚੀ ਦਾ ਅਨੁਭਵ ਕਰਨਾ, ਭਾਗ ਤੀਜਾ ਇਚੀਗੋ ਇਚੀ ਦਾ ਛੋਟਾ ਸਕੂਲ ਬਾਰੇ ਵੇਰਵੇ ਹਨ। ਅੰਤ 'ਚ 10 ਨਿਯਮ ਦਿੱਤੇ ਗਏ ਹਨ। ਕਈ ਕਥਨ ਮੁੱਲਵਾਨ ਹਨ ; ਦ੍ਰਿਸ਼ਟੀ ਮਨੁੱਖ ਦੀ ਸਭ ਤੋਂ ਵਿਕਸਿਤ ਸੂਝ ਹੈ। ਸੁਣਨ ਲਈ ਕੰਨ ਤੇ ਪੇਂਟਿੰਗ ਨੂੰ ਵੇਖਣ ਲਈ ਅੱਖਾਂ ਵਰਤੋ। ਸਰੋਤੇ ਲਈ ਵਕਤਾ ਨਾਲ ਸੰਪਰਕ ਹੋਣਾ ਜ਼ਰੂਰੀ ਹੈ। ਮਹਾਨ ਪ੍ਰਾਪਤੀਆਂ ਲਈ ਕੋਈ ਉਮਰ ਸੀਮਾ ਨਹੀਂ। ਮਨ ਦੀ ਸਾਧਨਾ ਕਰਨ ਦੀ ਜੁਗਤ ਵੱਡੀ ਖ਼ੁਸ਼ੀ ਹੈ। ਇਸ ਪੁਸਤਕ ਵਿਚ ਮਨੁੱਖੀ ਮਨ ਦਾ ਵਿਸ਼ਲੇਸ਼ਣ ਕਰਨ ਬਾਰੇ ਬਹੁਤ ਸੂਖ਼ਮ ਪ੍ਰਸੰਗ ਪਾਠਕ ਨੂੰ ਝੰਜੋੜਨ ਵਾਲੇ ਹਨ। ਵੱਖਰੀ ਕਿਸਮ ਦੀ ਕਿਤਾਬ ਪੜ੍ਹਨਯੋਗ ਹੈ। ਮਨ ਨੂੰ ਧਿਆਨ ਕੇਂਦਰਿਤ ਕਰਨਾ ਜ਼ੇਜ਼ੇਨ ਦੀ ਕਲਾ ਦਾ ਅਭਿਆਸ ਕਰਨਾ। ਹੋਰ ਬਹੁਤ ਕੁਝ ਗਿਆਨ ਵਰਧਕ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਮੇਰੀਆਂ ਸਾਰੀਆਂ ਕਹਾਣੀਆਂ
(ਭਾਗ-1)
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 550 ਰੁਪਏ, ਸਫ਼ੇ : 399
ਸੰਪਰਕ : 99151-03490
ਨਾਵਲਕਾਰ, ਕਹਾਣੀਕਾਰ ਅਤੇ ਸਫ਼ਰਨਾਮਾ ਲੇਖਕ ਹਰਜੀਤ ਅਟਵਾਲ ਸਾਹਿਤ ਜਗਤ ਵਿਚ ਇਕ ਪ੍ਰਸਿੱਧ ਨਾਂਅ ਹੈ। ਉਸ ਦੀ ਕਲਮ ਤੋਂ ਹੁਣ ਤੱਕ 15 ਨਾਵਲ, 8 ਕਹਾਣੀ ਸੰਗ੍ਰਹਿ , 2 ਨਿਬੰਧ ਸੰਗ੍ਰਹਿ, 1 ਸਫ਼ਰਨਾਮਾ, 1 ਜੀਵਨੀ ਅਤੇ ਇਕ ਕਾਵਿ ਸੰਗ੍ਰਹਿ ਤੋਂ ਇਲਾਵਾ ਸੰਪਾਦਨ ਕਾਰਜ ਵੀ ਸੰਪੰਨ ਹੋਇਆ ਹੈ। ਹਥਲੀ ਪੁਸਤਕ 'ਮੇਰੀਆਂ ਸਾਰੀਆਂ ਕਹਾਣੀਆਂ' ਵਿਚ ਕਹਾਣੀ ਸੰਗ੍ਰਹਿ 'ਸੁੱਕਾ ਪੱਤਾ ਤੇ ਹਵਾ' (16 ਕਹਾਣੀਆਂ), 'ਕਾਲਾ ਲਹੂ' (15 ਕਹਾਣੀਆਂ), 'ਸੱਪਾਂ ਦਾ ਭਰ ਬਰਤਾਨੀਆ' (11 ਕਹਾਣੀਆਂ) ਅਤੇ 'ਖੂਹ ਵਾਲਾ ਘਰ' (11 ਕਹਾਣੀਆਂ) ਕੁੱਲ 53 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਚਾਰੇ ਸੰਗ੍ਰਹਿ ਦੀਆਂ ਕਹਾਣੀਆਂ ਦਾ ਯੱਕਮੁਸ਼ਤ ਪਾਠ ਕਰਦਿਆਂ ਹਰਜੀਤ ਅਟਵਾਲ ਦੀ ਕਹਾਣੀ ਰਚਨਾ ਪ੍ਰਕਿਰਿਆ ਦੀ ਵਿਕਾਸ ਯਾਤਰਾ ਦਾ ਪਤਾ ਚਲਦਾ ਹੈ। ਕਹਾਣੀਕਾਰ ਵਧੇਰੇ ਕਹਾਣੀਆਂ ਵਿਦੇਸ਼ ਵਿਚ ਰਹਿੰਦਿਆਂ ਪੱਛਮ ਦੇ ਕਲਚਰ ਦੇ ਨਾਲ-ਨਾਲ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ ਸੱਭਿਆਚਾਰ ਤੋਂ ਉਪਜੇ ਮਿਸ਼ਰਤ (ਹਾਈਬ੍ਰਿਡ) ਸੱਭਿਆਚਾਰ ਦੀਆਂ ਵਿਸ਼ੇਸ਼ਤਾਈਆਂ ਅਤੇ ਵਿਲੱਖਣਤਾਵਾਂ ਨੂੰ ਦੇਸੀ-ਵਿਦੇਸੀ ਪਾਤਰਾਂ ਰਾਹੀਂ ਪੇਸ਼ ਕਰਦਾ ਹੈ। ਇਹ ਪਾਤਰ ਨਾ ਤਾਂ ਆਪਣੀ ਪੰਜਾਬੀ ਮਿੱਟੀ ਵਿਚਲੀਆਂ ਜੜ੍ਹਾਂ ਨਾਲੋਂ ਪੂਰੀ ਤਰ੍ਹਾਂ ਟੁੱਟੇ ਹਨ ਅਤੇ ਨਾ ਹੀ ਪੱਛਮੀ ਕਲਚਰ ਵਿਚ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਮੋਅ ਸਕੇ ਹਨ। ਤ੍ਰਿਸ਼ੰਕੂ ਵਾਂਗ ਵਿਚਾਲੇ ਲਮਕਦੇ ਕਿਰਦਾਰਾਂ ਦੀਆਂ ਸਮੱਸਿਆਵਾਂ, ਦਵੰਦ, ਉਲਝਣਾ, ਭਟਕਣਾ ਨੂੰ ਲੇਖਕ ਮਨੋਵਿਗਿਆਨਕ ਢੰਗ ਨਾਲ ਪੇਸ਼ ਕਰਨ ਵਿਚ ਕਾਮਯਾਬ ਹੋਇਆ ਹੈ। ਨਿਵੇਕਲੀ ਵਿਸ਼ਾ ਚੋਣ, ਪ੍ਰਤੀਕਾਤਮਕ ਸ਼ੈਲੀ ਅਤੇ ਉਤੱਮ ਪੁਰਖੀ ਤੇ ਵਰਤਮਾਨ ਕਾਲ ਵਰਗੀਆਂ ਕਥਾ ਜੁਗਤਾਂ ਹਰਜੀਤ ਅਟਵਾਲ ਦੀ ਕਹਾਣੀ ਨੂੰ ਹੋਰ ਪਰਵਾਸੀ ਕਹਾਣੀਕਾਰਾਂ ਨਾਲੋਂ ਵਖਰਾਉਂਦੀ ਹੈ। ਪ੍ਰੋਫ਼ੈਸਰ ਦੇ ਪਿਤਾ ਵਲੋਂ ਬਹਤ ਛੋਟੀ ਉਮਰ ਦੀ ਲੜਕੀ ਨਾਲ ਵਿਆਹ ਕਰਵਾਉਣ ਉਪਰੰਤ ਪ੍ਰੋ. ਦਾ ਮਾਨਸਿਕ ਦਵੰਦ (ਸੁੱਕਾ ਪੱਤਾ ਅਤੇ ਹਵਾ), ਪਿੰਡ 'ਚ ਅੰਤਿਮ ਸਸਕਾਰ ਸਮੇਂ ਮੁਖ਼ਤ ਪਾਥੀਆਂ ਦੇਣ ਤੋਂ ਮੁਨਕਰ ਹੁੰਦੇ ਭਾਈਚਾਰੇ ਦੀ ਮ੍ਰਿਤਕ ਦਾ ਬੇਟਾ ਆਉਣ ਤੇ ਬਦਲਦੀ ਮਾਨਸਿਕਤਾ (ਪਾਥੀਆਂ), ਵਿਦੇਸ਼ ਵਿਚ ਨਸਲਵਾਦ ਦੀ ਬੁਰਾਈ ਨੂੰ ਕਾਲੇ (ਭਾਰਤੀ) ਲੋਕਾਂ ਦੇ ਲਹੂ ਦੀ ਬੇਹੁਰਮਤੀ ਨੂੰ ਦਰਸ਼ਾਉਂਦੀ ਹੈ ਕਾਲਾ ਲਹੂ, ਨਸਲਵਾਦ ਨੂੰ ਹੀ ਸੱਪ ਦੇ ਪ੍ਰਤੀਕ ਰਾਹੀਂ ਪੇਸ਼ ਕਰਦੀ ਜਹਾਣੀ ਹੈ ਸੱਪਾਂ ਦਾ ਭਰ ਬਰਤਾਨੀਆ। ਇੰਜ ਹੀ ਤਲਾਕ ਮਗਰੋਂ ਨਵੇਂ ਵਿਆਹ ਦੇ ਦੱਸ ਸਾਲ ਬਾਅਦ ਮੁੜ ਪਹਿਲੀ ਪਤਨੀ ਦਾ ਜ਼ਿੰਦਗੀ ਵਿਚ ਪਰਤਣਾ ਅਤੇ ਨਵੀਂ ਵਿਆਹੁਤਾ ਜ਼ਿੰਦਗੀ ਦਾ ਥਿੜਕਣਾ, ਮਨੁੱਖੀ ਭਾਵਨਾਤਮਕ ਕਮਜ਼ੋਰੀ ਨੂੰ ਦਰਸ਼ਾਉਂਦੀ ਕਹਾਣੀ ਹੈ 'ਖੂਹ ਵਾਲਾ ਘਰ', ਆਪਣੇ ਮੁਲਕ ਤੋਂ ਵਿਆਹ ਕੇ ਲਿਆਂਦੀ ਲੜਕੀ ਨੂੰ ਇਕ ਬੱਚੇ ਸਮੇਤ ਸਾਲ ਮਗਰੋਂ ਛੱਡ ਦੇਣਾ (ਮਕਾਣ), ਕਹਾਣੀਕਾਰ ਦੀ ਨਿਵੇਕਲੀ ਵਿਸ਼ਾ ਚੋਣ ਦੀਆਂ ਉਦਾਰਨਾਂ ਹਨ। ਦਰਅਸਲ ਲੇਖਕ ਦਾ ਬਿਰਤਾਨੀਆਂ ਵਿਚ ਜਿਵੇ-ਜਿਵੇਂ ਰਹਿਣ ਅਤੇ ਉੱਥੋਂ ਦੇ ਲੋਕਾਂ ਨਾਲ ਮਿਲਵਰਤਣ ਦਾ ਤਜ਼ਰਬਾ ਵਧਦਾ ਜਾਂਦਾ ਹੈ, ਉਸ ਦੀ ਉੱਥੋਂ ਦੇ ਸਮਾਜ ਦੀ ਮਾਨਸਿਕਤਾ ਬਾਰੇ ਸਮਝ ਹੋਰ ਪੁਖ਼ਤਾ ਹੁੰਦੀ ਜਾਂਦੀ ਹੈ, ਇਨ੍ਹਾਂ ਵਿਕੋਲਿਤਰੇ ਅਨੁਭਵਾਂ ਨਾਲ ਉਸਦੀ ਕਹਾਣੀ ਵੀ ਸ਼ਿਲਪ ਅਤੇ ਵਿਸ਼ੇ ਪੱਖ ਤੋਂ ਵਿਕਾਸ ਕਰਦੀ ਜਾਂਦੀ ਹੈ। ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਪਾਠਕ ਨੂੰ ਇਕ ਵੱਖਰੇ ਸੰਸਾਰ ਦੀ ਸੈਰ ਕਰਾਉਣ ਅਤੇ ਇਕ ਵੱਖਰੇ ਕਰੂਰ ਯਥਾਰਥ ਦੇ ਰੂ-ਬਰੂ ਕਰਾਉਣ ਦੇ ਸਮਰਥ ਹਨ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964