ਮੰਡ ਬਾਊਪੁਰ ਦੇ ਮੁਹੰਮਦਾਬਾਦ ਵਿਖੇ ਆਰਜ਼ੀ ਬੰਨ੍ਹ ਟੁੱਟਿਆ, ਦਰਜਨ ਦੇ ਕਰੀਬ ਘਰਾਂ 'ਚ ਵੜਿਆ ਪਾਣੀ

ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ)-ਮੰਡ ਬਾਊਪੁਰ ਖੇਤਰ ਦੇ ਪਿੰਡ ਮੁਹੰਮਦਾਬਾਦ ਨੇੜਿਓਂ ਇਕ ਹੋਰ ਆਰਜ਼ੀ ਬੰਨ੍ਹ ਟੁੱਟਣ ਨਾਲ ਨੇੜਲੇ ਇਕ ਦਰਜਨ ਦੇ ਕਰੀਬ ਘਰਾਂ ਵਿਚ ਪੰਜ ਤੋਂ ਸੱਤ ਫੁੱਟ ਪਾਣੀ ਭਰ ਗਿਆ। ਉਕਤ ਘਰਾਂ ਵਿਚੋਂ ਇਕ ਘਰ ਨੂੰ ਛੱਡ ਕੇ ਬਾਕੀ ਸਾਰੇ ਲੋਕ ਅੱਜ ਸਵੇਰ ਤੱਕ ਪਹਿਲਾਂ ਹੀ ਸੁਰੱਖਿਅਤ ਥਾਵਾਂ ਉਤੇ ਚਲੇ ਗਏ ਸਨ। ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਤੋਂ ਹੀ ਉਕਤ ਆਰਜ਼ੀ ਬੰਨ੍ਹ ਨੂੰ ਦਰਿਆ ਬਿਆਸ ਵਲੋਂ ਆਏ ਪਾਣੀ ਨਾਲ ਢਾਹ ਲੱਗੀ ਹੋਈ ਸੀ। ਉਕਤ ਆਰਜ਼ੀ ਬੰਨ੍ਹ ਦਰਿਆ ਬਿਆਸ ਤੋਂ ਲਗਭਗ 20 ਖੇਤ ਦੂਰੀ ਉਤੇ ਹੈ। ਮੰਡ ਖੇਤਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਸਾਥੀਆਂ ਸਮੇਤ ਪਿਛਲੇ ਦੋ ਦਿਨਾਂ ਤੋਂ ਉਕਤ ਘਰਾਂ ਵਿਚੋਂ ਜ਼ਰੂਰੀ ਸਾਮਾਨ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਸਨ। ਕੁਝ ਲੋਕ ਤਾਂ ਰਾਤ ਵੀ ਬੰਨ੍ਹ ਉੱਪਰ ਹੀ ਕੱਟ ਰਹੇ ਸਨ। ਪ੍ਰਭਾਵਿਤ ਲੋਕਾਂ ਨੇ ਆਪਣੇ ਮਾਲ ਡੰਗਰ ਵੀ ਚਾਰ-ਪੰਜ ਦਿਨ ਪਹਿਲਾਂ ਖੁੱਲ੍ਹੇ ਛੱਡ ਦਿੱਤੇ ਸਨ।