ਉੜਦਨ ਪਿੰਡ ਦੇ ਨੌਜਵਾਨ ਦੇ ਕਤਲ 'ਚ ਲੋੜੀਂਦਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ

ਬਨੂੜ, 18 ਅਗਸਤ (ਭੁਪਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਉੜਦਨ ਪਿੰਡ ਦੇ ਤਰਸੇਮ ਸਿੰਘ ਦੇ ਕਤਲ ਵਿਚ ਲੋੜੀਂਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਟੈਂਟਾਂ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ। ਘਟਨਾ ਸਥਾਨ ਦਾ ਜਾਇਜਾ ਲੈਣ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾਂ ਨੇ ਮੌਕੇ ਉਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾਂ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਟੈਂਟਾਂ ਆਪਣੇ ਮੋਟਰਸਾਈਕਲ ਉਤੇ ਗਿਆਨ ਸਾਗਰ ਨੇੜੇ ਜਾਂਸਲਾ-ਜਾਂਸਲੀ ਲਿੰਕ ਸੜਕ ਉਤੇ ਜਾ ਰਿਹਾ ਹੈ, ਜਿਸ ਨੂੰ ਫੜਨ ਲਈ ਐਸ.ਪੀ. (ਡੀ) ਗੁਰਬੰਸ ਸਿੰਘ ਬੈਂਸ, ਡੀ.ਐਸ.ਪੀ. ਰਾਜਪੁਰਾ, ਮਨਜੀਤ ਸਿੰਘ, ਸੀ.ਆਈ.ਏ. ਇੰਚਾਰਜ (ਪਟਿਆਲਾ) ਪ੍ਰਦੀਪ ਬਾਜਵਾ ਤੇ ਐਸ.ਐਚ.ਓ. ਬਨੂੜ ਅਰਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਉਸ ਦਾ ਪਿੱਛਾ ਕੀਤਾ, ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਪਾਰਟੀ ਉਤੇ ਤਿੰਨ-ਚਾਰ ਫਾਇਰ ਕੀਤੇ। ਪੁੁਲਿਸ ਨੇ ਉਸ ਉੱਤੇ ਜਵਾਬੀ ਫਾਇਰ ਕੀਤਾ, ਉਸ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਪੁਲਿਸ ਨੇ ਕਾਬੂ ਕਰ ਲਿਆ।
ਪੁੁਲਿਸ ਮੁਖੀ ਨੇ ਦੱਸਿਆ ਕਿ 20 ਜੁਲਾਈ ਨੂੰ ਉੜਦਨ ਪਿੰਡ ਦੇ ਤਰਸੇਮ ਸਿੰਘ (30 ਸਾਲ) ਪੁੱਤਰ ਮਾਮਰਾਜ ਦਾ ਕਤਲ ਹੋ ਗਿਆ ਸੀ, ਜਿਸ ਵਿਚ ਚਾਰ ਨੌਜਵਾਨ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਵਿਚ ਸੁਰਭੀ ਉਰਫ ਸੁਭੀ ਤੇ ਜਸਪਾਲ ਸਿੰਘ ਟੋਨੀ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਗੁਰਪ੍ਰੀਤ ਟੈਂਟਾਂ ਤੇ ਕਰਨ ਨਿਪਾਲੀ ਭਗੌੜੇ ਚਲੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਟੈਂਟਾਂ ਦੇ ਬਾਹਰ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਸਬੰਧ ਹਨ ਅਤੇ ਉਸ ਉੱਤੇ ਵੱਖ-ਵੱਖ ਥਾਣਿਆਂ ਵਿਚ ਡਕੈਤੀ ਤੇ ਕਤਲ ਦੇ ਮਾਮਲੇ ਦਰਜ ਹਨ। ਪੁਲਿਸ ਮੁਖੀ ਨੇ ਦੱਸਿਆ ਕਿ ਉਸ ਕੋਲੋਂ 315 ਬੋਰ ਦਾ ਇਕ ਦੇਸੀ ਪਿਸਤੌਲ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਉਸ ਨੂੰ ਇਲਾਜ ਲਈ ਏ.ਪੀ. ਜੈਨ ਹਸਪਤਾਲ ਰਾਜਪੁਰਾ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੁਖੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਗੈਂਗ ਦੀ ਕਾਰਵਾਈ ਵਿਚ ਸ਼ਾਮਿਲ ਗੈਂਗਸਟਰ ਪੁਲਿਸ ਦੀ ਰਡਾਰ ਉਤੇ ਹਨ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਚੌਥੇ ਮੁਲਜ਼ਮ ਕਰਨ ਨਿਪਾਲੀ ਦੀ ਪੁਲਿਸ ਭਾਲ ਵਿਚ ਲੱਗੀ ਹੋਈ ਹੈ ਤੇ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।