ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਘਰ 'ਤੇ ਗੋਲੀਆਂ ਨਾਲ ਹਮਲਾ ਕਰਨ ਦੇ ਦੋਸ਼

ਚੋਗਾਵਾਂ/ਅੰਮ੍ਰਿਤਸਰ, 18 ਅਗਸਤ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਚੌਕੀ ਕੱਕੜ ਅਧੀਨ ਆਉਂਦੇ ਪਿੰਡ ਕਾਵੇਂ ਵਿਖੇ ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਘਰ ਉਤੇ ਹਮਲਾ ਕਰਕੇ ਗੋਲੀਆਂ ਚਲਾਉਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਰਮਨ ਮਸੀਹ ਪੁੱਤਰ ਦਾਰਾ ਮਸੀਹ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਿੰਡ ਦੇ ਗੁਲਜ਼ਾਰ ਮਸੀਹ ਨਾਲ ਵੋਟਾਂ ਦੀ ਰੰਜਿਸ਼ ਚੱਲਦੀ ਆ ਰਹੀ ਹੈ, ਜਿਸ ਦੇ ਚਲਦਿਆਂ ਉਕਤ ਵਿਅਕਤੀ ਨੇ ਪਹਿਲਾਂ ਵੀ ਸਾਡੇ ਉਤੇ ਗੋਲੀਆਂ ਚਲਾਈਆਂ ਸਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। 3 ਦਿਨ ਪਹਿਲਾਂ ਹੀ ਉਨ੍ਹਾਂ ਦਾ ਭਰਾ ਡੇਵਿਡ ਮਸੀਹ ਵਿਦੇਸ਼ ਗਿਆ ਹੈ। ਉਸ ਦੀ ਪਤਨੀ ਤੇ ਬੱਚੇ ਇਥੇ ਰਹਿੰਦੇ ਹਨ।
ਬੀਤੀ ਰਾਤ ਰੰਜਿਸ਼ ਤਹਿਤ ਗੁਲਜ਼ਾਰ ਮਸੀਹ, ਪਦਾਰਥ ਮਸੀਹ, ਸੁਨੀਲ ਮਸੀਹ, ਕਾਕਾ ਮਸੀਹ ਨੇ ਦਾਤਰ, ਕਿਰਪਾਨਾਂ ਤੇ ਪਿਸਤੌਲ ਨਾਲ ਲੈਸ ਹੋ ਕੇ ਸਾਡੇ ਘਰ ਉਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਈਆਂ। ਸਾਡੇ ਪਰਿਵਾਰ ਨੇ ਲੁੱਕ ਕੇ ਜਾਨਾਂ ਬਚਾਈਆਂ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਦੂਜੀ ਧਿਰ ਦੇ ਉਕਤ ਵਿਅਕਤੀਆਂ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਇਥੇ ਮੌਜੂਦ ਨਹੀਂ ਸੀ। ਇਸ ਬਾਰੇ ਪੁਲਿਸ ਚੌਕੀ ਦੀ ਇੰਚਾਰਜ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮੌਕੇ ਉਤੇ ਜਾ ਕੇ ਜਾਇਜ਼ਾ ਲਿਆ ਗਿਆ ਹੈ। ਸੀ.ਸੀ.ਟੀ.ਵੀ. ਖੰਗਾਲੇ ਜਾ ਰਹੇ ਹਨ ਤੇ ਛਾਣਬੀਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।