ਮਨੀ ਮਹੇਸ਼ ਯਾਤਰਾ 'ਚ 2 ਹੋਰ ਸ਼ਰਧਾਲੂਆਂ ਦੀ ਮੌਤ

ਚੰਬਾ (ਹਿਮਾਚਲ ਪ੍ਰਦੇਸ਼), 18 ਅਗਸਤ (ਚਮਨ ਸ਼ਰਮਾ)-ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਚੱਲ ਰਹੀ ਪਵਿੱਤਰ ਮਨੀ ਮਹੇਸ਼ ਯਾਤਰਾ ਦੌਰਾਨ ਐਤਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ। ਹਦਸਰ-ਮਨੀਮਹੇਸ਼ ਪੈਦਲ ਰਸਤੇ 'ਤੇ ਸੁੰਦਰਸੀ ਨੇੜੇ ਜ਼ਮੀਨ ਖਿਸਕਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ, ਇਸ ਸਾਲ ਦੀ ਯਾਤਰਾ ਵਿਚ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸੱਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਰਵਣ ਸਿੰਘ (ਪਿੰਡ ਧਲਵਾਲ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ) ਅਤੇ ਸ਼ੇਖਰ ਚੰਦਰ ਪੁੱਤਰ ਦੇਸ ਰਾਜ (ਪਿੰਡ ਬਰੋਟਾ, ਤਹਿਸੀਲ ਇੰਦੋਰਾ, ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ਰਧਾਲੂ ਪਵਿੱਤਰ ਡੱਲ ਝੀਲ ਵਿਚ ਪਵਿੱਤਰ ਡੁੱਬਕੀ ਲਗਾਉਣ ਤੋਂ ਬਾਅਦ ਵਾਪਸ ਆ ਰਹੇ ਸਨ। ਜਿਵੇਂ ਹੀ ਉਹ ਸੁੰਦਰਸੀ ਨੇੜੇ ਪਹੁੰਚੇ, ਪਹਾੜੀ ਵਿਚ ਅਚਾਨਕ ਦਰਾਰ ਪੈ ਗਈ ਅਤੇ ਉਹ ਭਾਰੀ ਮਲਬੇ ਦੀ ਲਪੇਟ ਵਿਚ ਆ ਗਏ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਤਾਇਨਾਤ ਬਚਾਅ ਟੀਮ ਤੁਰੰਤ ਸਰਗਰਮ ਹੋ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਦੋਵੇਂ ਲਾਸ਼ਾਂ ਨੂੰ ਮਲਬੇ ਵਿਚੋਂ ਕੱਢ ਕੇ ਭਰਮੌਰ ਲਿਆਂਦਾ ਗਿਆ। ਪੁਲਿਸ ਅਨੁਸਾਰ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਐਸ.ਪੀ. ਚੰਬਾ ਅਭਿਸ਼ੇਕ ਯਾਦਵ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਲੂਆਂ ਨੂੰ ਯਾਤਰਾ ਮਾਰਗ 'ਤੇ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਦੌਰਾਨ ਰਸਤੇ 'ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਹੀ ਯਾਤਰਾ ਕਰਨੀ ਚਾਹੀਦੀ ਹੈ।