ਅੰਮ੍ਰਿਤਧਾਰੀ ਸਰਪੰਚ ਨੂੰ ਸ੍ਰੀ ਸਾਹਿਬ ਪਹਿਨ ਕੇ ਰਾਸ਼ਟਰੀ ਸਮਾਗਮ 'ਚ ਸ਼ਾਮਿਲ ਹੋਣ ਤੋਂ ਰੋਕਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ - ਪ੍ਰੋਫੈਸਰ ਬਡੂੰਗਰ

ਪਟਿਆਲਾ, 18 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪਟਿਆਲਾ ਦੇ ਨਾਭਾ ਅਧੀਨ ਪੈਂਦੇ ਪਿੰਡ ਕਾਲਸਨਾ ਦੇ ਅੰਮ੍ਰਿਤਧਾਰੀ ਸਰਪੰਚ ਗੁਰਧਿਆਨ ਸਿੰਘ ਨੂੰ ਸ੍ਰੀ ਸਾਹਿਬ ਪਹਿਨ ਕੇ ਦਿੱਲੀ ਦੇ ਲਾਲ ਕਿਲੇ ਵਿਚ ਆਜ਼ਾਦੀ ਦਿਵਸ ਦੇ ਰਾਸ਼ਟਰੀ ਸਮਾਗਮ ਵਿਚ ਸ਼ਾਮਿਲ ਨਾ ਹੋਣ ਦਿੱਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਨਾਭਾ ਦੇ ਪਿੰਡ ਕਾਲਸਨਾ ਦੀ ਪੰਚਾਇਤ ਦੀ ਸਵੱਛ ਭਾਰਤ ਮੁਹਿੰਮ ਤਹਿਤ ਚੋਣ ਹੋਈ ਸੀ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਵਲੋਂ ਪਿੰਡ ਦੀ ਪੰਚਾਇਤ ਨੂੰ ਪ੍ਰਧਾਨ ਮੰਤਰੀ ਦੇ ਸਮਾਗਮ ਵਿਚ ਸ਼ਾਮਿਲ ਹੋ ਕੇ ਸਨਮਾਨਿਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਅੰਮ੍ਰਿਤਧਾਰੀ ਸਰਪੰਚ ਗੁਰਧਿਆਨ ਸਿੰਘ ਨੂੰ ਸ੍ਰੀ ਸਾਹਿਬ ਉਤਾਰ ਕੇ ਰਾਸ਼ਟਰੀ ਸਮਾਗਮ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ, ਜਦਕਿ ਸਰਪੰਚ ਗੁਰਧਿਆਨ ਸਿੰਘ ਨੇ ਸ੍ਰੀ ਸਾਹਿਬ ਉਤਾਰ ਕੇ ਸਮਾਗਮ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਆਪਣੇ ਹੀ ਦੇਸ਼ ਵਿਚ ਅਜਿਹੀਆਂ ਕਾਰਵਾਈਆਂ ਗੁਰਸਿੱਖ ਵਿਅਕਤੀਆਂ ਨਾਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਿਲ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਗੁਰਸਿੱਖ ਵਿਅਕਤੀਆਂ ਨਾਲ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਕਾਰਵਾਈਆਂ ਨਾ ਹੋ ਸਕਣ।
ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਨਿੱਤ ਦਿਨ ਵਾਪਰਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਵਿਦਿਆਰਥੀਆਂ ਨੂੰ ਵੀ ਪ੍ਰੀਖਿਆ ਕੇਂਦਰਾਂ ਵਿਚ ਕੜਾ ਉਤਾਰ ਕੇ ਜਾਣ ਲਈ ਕਿਹਾ ਜਾਂਦਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਮ੍ਰਿਤਧਾਰੀ ਸਿੱਖਾਂ ਦੇ ਪੰਜ ਕਕਾਰਾਂ ਨੂੰ ਲੈ ਕੇ ਵਿਸ਼ੇਸ਼ ਤੌਰ ਉਤੇ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿਚ ਸਿੱਖਾਂ ਨੂੰ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।