ਪਿੰਡ ਕਲਾਲ ਮਾਜਰਾ 'ਚ ਟਰੈਕਟਰ ਪਲਟਣ ਨਾਲ ਮਜ਼ਦੂਰ ਦੀ ਮੌਤ, ਚਾਲਕ ਜ਼ਖਮੀ

ਮਹਿਲ ਕਲਾਂ, 22 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਕਲਾਲ ਮਾਜਰਾ (ਬਰਨਾਲਾ) ਵਿਖੇ ਟਰੈਕਟਰ ਪਲਟਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਅਤੇ ਟਰੈਕਟਰ ਚਾਲਕ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਆਈ ਹੈ। ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏ.ਐਸ.ਆਈ. ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਕਲਾਲ ਮਾਜਰਾ ਦੇ ਇਕ ਨੌਜਵਾਨ ਕਿਸਾਨ ਟਰੈਕਟਰ 'ਤੇ ਪ੍ਰਵਾਸੀ ਮਜ਼ਦੂਰ ਨੂੰ ਮਗਰਲੀ ਸਾਈਡ ਉੱਤੇ ਬਿਠਾ ਕੇ ਪਿੰਡ ਵੱਲ ਆ ਰਿਹਾ ਸੀ। ਇਸ ਦੌਰਾਨ ਅੱਗਿਓਂ ਅਚਾਨਕ ਇਕ ਬੇਜ਼ੁਬਾਨ ਜਾਨਵਰ ਆਉਣ ਕਾਰਨ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ 'ਚ ਟਰੈਕਟਰ ਦੀ ਪਿਛਲੀ ਸਾਈਡ 'ਤੇ ਬੈਠਾ ਪ੍ਰਵਾਸੀ ਮਜ਼ਦੂਰ ਕੁੰਦਨ ਰਾਏ ਪੁੱਤਰ ਬਿੱਲੂ ਰਾਏ ਵਾਸੀ ਬਿਹਾਰ, ਦੀ ਹੇਠਾਂ ਡਿੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਹਾਦਸੇ 'ਚ ਟਰੈਕਟਰ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਲਿਆਂਦਾ ਗਿਆ। ਜਿਥੇ ਡਾਕਟਰਾਂ ਵਲੋਂ ਉਸ ਨੂੰ ਗੰਭੀਰ ਹਾਲਤ ਕਰਕੇ ਰੈਫਰ ਕਰ ਦਿੱਤਾ ਹੈ। ਮ੍ਰਿਤਕ ਪ੍ਰਵਾਸੀ ਮਜ਼ਦੂਰ ਦੇ ਪਿਤਾ ਦੇ ਬਿਆਨਾਂ 'ਤੇ ਪੁਲਿਸ ਥਾਣਾ ਮਹਿਲ ਕਲਾਂ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।