6 ਦਹਾਕਿਆਂ ਬਾਅਦ ਸੇਵਾਮੁਕਤ ਹੋਣ ਜਾ ਰਿਹੈ ਮਿਗ-21

ਨਵੀਂ ਦਿੱਲੀ, 22 ਜੁਲਾਈ (ਪੀ. ਟੀ. ਆਈ.)-ਪ੍ਰਸਿੱਧ ਰੂਸੀ ਮੂਲ ਦੇ ਮਿਗ-21 ਜਹਾਜ਼ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ 'ਚ ਰਹਿਣ ਤੋਂ ਬਾਅਦ ਸਤੰਬਰ 'ਚ ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਤੋਂ ਸੇਵਾਮੁਕਤ ਹੋਣ ਲਈ ਤਿਆਰ ਹੈ, ਇਸ ਸੰਬੰਧੀ ਜਾਣੂ ਲੋਕਾਂ ਨੇ ਦੱਸਿਆ ਕਿ ਨੰਬਰ 23 ਸਕੁਐਡਰਨ ਨਾਲ ਸੰਬੰਧਿਤ ਆਖਰੀ ਮਿਗ-21 ਜੈਟ, ਜਿਸਨੂੰ 'ਪੈਂਥਰ' ਕਿਹਾ ਜਾਂਦਾ ਹੈ, ਨੂੰ 19 ਸਤੰਬਰ ਨੂੰ ਚੰਡੀਗੜ੍ਹ ਏਅਰਬੇਸ 'ਚ ਇਕ ਸਮਾਰੋਹ 'ਚ ਵਿਦਾਇਗੀ ਦਿੱਤੀ ਜਾਵੇਗੀ | ਮਿਗ-21 ਲੰਬੇ ਸਮੇਂ ਤੱਕ ਆਈ.ਏ.ਐਫ. ਦਾ ਮੁੱਖ ਆਧਾਰ ਰਿਹਾ ਹੈ | 1960 ਦੇ ਦਹਾਕੇ 'ਚ ਪਹਿਲੀ ਵਾਰ ਸ਼ਾਮਿਲ ਹੋਣ ਤੋਂ ਬਾਅਦ, ਆਈ.ਏ.ਐਫ. ਨੇ ਆਪਣੀ ਸਮੁੱਚੀ ਲੜਾਈ ਦੀ ਤਾਕਤ ਨੂੰ ਵਧਾਉਣ ਲਈ 870 ਤੋਂ ਵੱਧ ਮਿਗ-21 ਲੜਾਕੂ ਜਹਾਜ਼ ਖਰੀਦੇ | ਪਾਕਿਸਤਾਨ ਨਾਲ 1965 ਤੇ 1971 ਦੀਆਂ ਜੰਗਾਂ ਦੌਰਾਨ ਮਿਗ-21 ਪ੍ਰਮੁੱਖ ਭੂਮਿਕਾ ਨਿਭਾਈ | ਇਸ ਜਹਾਜ਼ ਨੇ 1999 ਦੇ ਕਾਰਗਿਲ ਸੰਘਰਸ਼ ਦੇ ਨਾਲ-ਨਾਲ 2019 ਦੇ ਬਾਲਾਕੋਟ ਹਵਾਈ ਹਮਲਿਆਂ 'ਚ ਵੀ ਮੁੱਖ ਭੂਮਿਕਾ ਨਿਭਾਈ ਸੀ |