ਪੁਰਾਣੀ ਸਬਜ਼ੀ ਮੰਡੀ ਵਿਖੇ ਤੜਕਸਾਰ ਪੁਰਾਣੀ ਇਮਾਰਤ ਹੋਈ ਢਹਿ ਢੇਰੀ, ਜਾਨੀ ਨੁਕਸਾਨ ਤੋਂ ਬਚਾਅ

ਕਪੂਰਥਲਾ, 23 ਜੁਲਾਈ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨ ਲਗਭਗ ਸਾਰਾ ਦਿਨ ਹੋਈ ਬਾਰਿਸ਼ ਕਾਰਨ ਪੁਰਾਣੀ ਸਬਜ਼ੀ ਮੰਡੀ ਵਿਖੇ ਇਕ ਕਾਫ਼ੀ ਪੁਰਾਣੀ ਇਮਾਰਤ ਅਚਾਨਕ ਤੜਕਸਾਰ ਮਲਬੇ ਵਿਚ ਤਬਦੀਲ ਹੋ ਗਈ, ਜਿਸ ਕਾਰਨ ਇਮਾਰਤ ਦੇ ਨਾਲ ਲੱਗੇ 2-3 ਬਿਜਲੀ ਦੇ ਖੰਬੇ ਤੇ ਤਾਰਾਂ ਵੀ ਟੁੱਟ ਗਏ ਤੇ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ। ਗਨੀਮਤ ਰਹੀ ਕਿ ਇਹ ਇਮਾਰਤ ਲਗਭਗ ਰਾਤ ਸਾਢੇ ਤਿੰਨ ਵਜੇ ਦੇ ਕਰੀਬ ਡਿੱਗੀ ਹੈ, ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰ ਯੋਗ ਹੈ ਕਿ ਇਹ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਹੈ, ਜਿਸ ਵਿਚ ਸਵੇਰ ਤੋਂ ਹੀ ਕਾਫ਼ੀ ਭੀੜ ਹੋਣ ਲੱਗਦੀ ਹੈ ਤੇ ਜੇਕਰ ਇਹ ਹਾਦਸਾ ਦਿਨ ਵੇਲੇ ਹੁੰਦਾ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਸੀ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਸ਼ਹਿਰ ਵਿਚ ਪੁਰਾਣੀ ਇਮਾਰਤਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਸ ਨੂੰ ਖ਼ਤਮ ਕਰਵਾਏ।