ਕੇਰਲ ਤੋਂ ਕਤਰ ਜਾ ਰਹੇ ਜਹਾਜ਼ ਦੀ ਐਮਰਜੈਂਸੀ ਲੈਡਿੰਗ

ਕੋਝੀਕੋਡ, (ਕੇਰਲ), 23 ਜੁਲਾਈ- ਕੇਰਲ ਦੇ ਕੋਝੀਕੋਡ ਤੋਂ ਕਤਰ ਦੀ ਰਾਜਧਾਨੀ ਦੋਹਾ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਵਿਚ ਉਡਾਣ ਭਰਨ ਤੋਂ ਬਾਅਦ ਤਕਨੀਕੀ ਖਰਾਬੀ ਆ ਗਈ। ਪਾਇਲਟ ਨੇ ਏ.ਟੀ.ਸੀ. (ਏਅਰ ਟਰੈਫਿਕ ਕੰਟਰੋਲ) ਨੂੰ ਜਹਾਜ਼ ਵਿਚ ਖਰਾਬੀ ਬਾਰੇ ਸੂਚਿਤ ਕੀਤਾ। ਇਸ ਤੋਂ ਬਾਅਦ, ਜਹਾਜ਼ ਨੂੰ ਕੇਰਲ ਦੇ ਕੋਝੀਕੋਡ ਹਵਾਈ ਅੱਡੇ ’ਤੇ ਸੁਰੱਖਿਅਤ ਵਾਪਸ ਉਤਾਰਿਆ ਗਿਆ। ਜਾਣਕਾਰੀ ਅਨੁਸਾਰ ਬੋਇੰਗ ਬੀ 738 ਮਾਡਲ ਦੇ ਜਹਾਜ਼ ਨੇ ਸਵੇਰੇ 8.50 ਵਜੇ ਉਡਾਣ ਭਰਨੀ ਸੀ। ਸਵੇਰੇ 9.17 ਵਜੇ ਉਡਾਣ ਭਰਨ ਤੋਂ ਬਾਅਦ, ਜਹਾਜ਼ ਨੂੰ ਵਾਪਸ ਜਾਣਾ ਪਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਨੂੰ ਦੋ ਘੰਟੇ ਬਾਅਦ ਸਵੇਰੇ 11.12 ਵਜੇ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ ਵਿਚ ਪਾਇਲਟ ਅਤੇ ਚਾਲਕ ਦਲ ਸਮੇਤ 188 ਲੋਕ ਸਵਾਰ ਸਨ। ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਕੈਬਿਨ ਏ.ਸੀ. ਵਿਚ ਕੁਝ ਤਕਨੀਕੀ ਸਮੱਸਿਆ ਸੀ। ਇਹ ਐਮਰਜੈਂਸੀ ਲੈਂਡਿੰਗ ਨਹੀਂ ਸੀ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਇਕ ਉਡਾਣ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਤੋਂ ਬਾਅਦ ਕੇਰਲ ਦੇ ਕੋਝੀਕੋਡ ਵਾਪਸ ਆ ਗਈ। ਅਸੀਂ ਤਰਜੀਹੀ ਆਧਾਰ ’ਤੇ ਇਕ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ, ਦੇਰੀ ਦੌਰਾਨ ਮਹਿਮਾਨਾਂ ਨੂੰ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਅਤੇ ਉਡਾਣ ਰਵਾਨਾ ਹੋ ਗਈ।