ਝਪਟਮਾਰ ਗਰੋਹ ਦੇ ਚਾਰ ਮੈਂਬਰ ਭਾਰੀ ਮਾਤਰਾ 'ਚ ਸਾਮਾਨ ਸਮੇਤ ਕਾਬੂ

ਲੁਧਿਆਣਾ, 23 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਝਪਟਮਾਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਸਮਾਨ ਬਰਾਮਦ ਕੀਤਾ ਹੈ | ਬਰਾਮਦ ਕੀਤੇ ਗਏ ਸਮਾਨ ਵਿਚ 19 ਮੋਬਾਈਲ, ਦਾਤਰ ਦੋ, ਮੋਟਰਸਾਈਕਲ ਅਤੇ ਦੋ ਐਕਟੀਵਾ ਸਕੂਟਰ ਸ਼ਾਮਿਲ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿੱਚ ਇੰਦਰਜੀਤ ਸਿੰਘ ਉਰਫ ਇੰਦੂ ਵਾਸੀ ਪਿੰਡ ਲਾਦੀਆਂ, ਵਿੱਕੀ ਉਰਫ ਜੁਗਨੂੰ ਵਾਸੀ ਵਿਸ਼ਾਲ ਨਗਰ, ਜਸਕਰਨ ਸਿੰਘ ਉਰਫ ਜੱਸਾ ਵਾਸੀ ਹੈਬੋਵਾਲ, ਸੋਨੂ ਕੁਮਾਰ ਉਰਫ ਲਾਲ ਸ਼ਾਹ ਵਾਸੀ ਸਿਟੀ ਕਲੋਨੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਲੁੱਟ ਖੋਹ ਅਤੇ ਝਪਟ ਮਾਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਹੈਬੋਵਾਲ ਦੇ ਇਲਾਕੇ ਵਿਚ ਸਰਗਰਮ ਸਨ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |