ਭਾਰਤੀ ਮੈਡੀਕਲ ਟੀਮ ਸੜਨ ਵਾਲੇ ਪੀੜਤਾਂ ਦੀ ਸਹਾਇਤਾ ਲਈ ਪਹੁੰਚੀ ਢਾਕਾ

ਢਾਕਾ [ਬੰਗਲਾਦੇਸ਼], 23 ਜੁਲਾਈ (ਏਐਨਆਈ): ਬੰਗਲਾਦੇਸ਼ ਦੀ ਰਾਜਧਾਨੀ ਦੇ ਦਿਆਬਾਰੀ ਖੇਤਰ ਵਿਚ ਹਾਲ ਹੀ ਵਿਚ ਹੋਏ ਲੜਾਕੂ ਜਹਾਜ਼ ਹਾਦਸੇ ਦੇ ਸੜਨ ਵਾਲੇ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇਕ ਮੈਡੀਕਲ ਟੀਮ ਢਾਕਾ ਪਹੁੰਚੀ। ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ। ਇਹ ਭਾਰਤੀ ਡਾਕਟਰ ਚੋਟੀ ਦੇ ਵਿਸ਼ੇਸ਼ ਹਸਪਤਾਲਾਂ -ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਸਫਦਰਜੰਗ ਹਸਪਤਾਲ ਦਿੱਲੀ ਤੋਂ ਆਏ ਹਨ ।
ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਦੇ ਪ੍ਰੈੱਸ ਵਿੰਗ ਦੇ ਅਨੁਸਾਰ, ਹਾਦਸੇ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ ਅਤੇ 69 ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਰਾਜਧਾਨੀ ਢਾਕਾ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ। ਜ਼ਖ਼ਮੀਆਂ ਵਿਚ ਅਧਿਆਪਕ, ਸਕੂਲ ਸਟਾਫ਼ , ਫਾਇਰ ਫਾਈਟਰ, ਪੁਲਿਸ, ਫੌਜ, ਨੌਕਰਾਣੀ, ਇਲੈਕਟ੍ਰੀਸ਼ੀਅਨ ਅਤੇ ਹੋਰ ਸ਼ਾਮਿਲ ਹਨ।
ਇਕ ਡਾਕਟਰ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਦੁਬਾਰਾ ਵੱਧ ਸਕਦੀ ਹੈ ਕਿਉਂਕਿ ਜ਼ਖ਼ਮੀਆਂ ਵਿਚ 25 ਮਰੀਜ਼ ਸੜਨ ਨਾਲ ਗੰਭੀਰ ਹਾਲਤ ਵਿਚ ਹਨ। 21 ਜੁਲਾਈ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਢਾਕਾ ਵਿਚ ਹੋਏ ਦੁਖਦਾਈ ਹਵਾਈ ਹਾਦਸੇ ਵਿਚ ਜਾਨਾਂ ਦੇ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ ਸੀ ਅਤੇ ਸਹਾਇਤਾ ਦਾ ਭਰੋਸਾ ਦਿੱਤਾ ਸੀ।
ਸੋਮਵਾਰ ਦੁਪਹਿਰ ਨੂੰ ਬੰਗਲਾਦੇਸ਼ ਹਵਾਈ ਸੈਨਾ ਦਾ ਇਕ ਐਫ-7 ਲੜਾਕੂ ਜਹਾਜ਼ ਢਾਕਾ ਦੇ ਮਾਈਲਸਟੋਨ ਸਕੂਲ ਅਤੇ ਕਾਲਜ ਕੈਂਪਸ ਵਿਚ ਹਾਦਸਾਗ੍ਰਸਤ ਹੋ ਗਿਆ। ਜੈੱਟ ਨੂੰ ਬੰਗਲਾਦੇਸ਼ੀ ਹਵਾਈ ਸੈਨਾ ਦੇ ਫਲਾਈਟ ਲੈਫਟੀਨੈਂਟ ਮੁਹੰਮਦ ਤੌਕੀਰ ਇਸਲਾਮ ਸਾਗਰ ਚਲਾ ਰਹੇ ਸਨ, ਜਿਨ੍ਹਾਂ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ ਸੀ।