ਹਿਮਾਚਲ ਪ੍ਰਦੇਸ਼ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸ਼ਿਮਲਾ, 23 ਜੁਲਾਈ - ਅੱਜ ਸਵੇਰੇ ਇੱਥੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈ.ਮੇਲ ਮਿਲੇ, ਜਿਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਦਹਿਸ਼ਤ ਫੈਲ ਗਈ। ਪੁਲਿਸ ਅਨੁਸਾਰ ਬਾਅਦ ਵਿਚ ਇਹ ਧਮਕੀਆਂ ਝੂਠੀਆਂ ਨਿਕਲੀਆਂ। ਪੁਲਿਸ ਨੇ ਕਿਹਾ ਕਿ ਧਮਕੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਪੁਲਿਸ ਟੀਮਾਂ ਬੰਬ ਸਕੁਐਡ ਨਾਲ ਸਕੂਲਾਂ ਵਿਚ ਪਹੁੰਚੀਆਂ।
ਜਿਵੇਂ ਹੀ ਇਹ ਖ਼ਬਰ ਫੈਲੀ, ਗੁੱਸੇ ਵਿੱਚ ਆਏ ਮਾਪਿਆਂ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਪੁੱਛਗਿੱਛ ਕਰਨ ਲਈ ਸਕੂਲ ਪੁੱਜੇ ਤੇ ਕੁਝ ਸਕੂਲਾਂ ਵਿਚ, ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰ ਦਿੱਤਾ ਗਿਆ।
ਸਾਰੇ ਸਕੂਲਾਂ ਦੇ ਅਹਾਤੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਅਤੇ ਬੰਬ ਸਕੁਐਡ ਟੀਮਾਂ ਨੇ ਵਿਸਥਾਰਤ ਜਾਂਚ ਕੀਤੀ। ਹਾਲਾਂਕਿ, ਕੁਝ ਵੀ ਨਹੀਂ ਮਿਲਿਆ। ਇਹ ਜਾਣਕਾਰੀ ਇਕ ਪੁਲਿਸ ਅਧਿਕਾਰੀ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਈ.ਮੇਲ ਭੇਜਣ ਵਾਲੇ ਦੇ ਆਈ.ਪੀ. ਐਡਰੈੱਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਪੁਲਿਸ ਦੂਜੇ ਰਾਜਾਂ ਵਿਚ ਆਪਣੇ ਹਮਰੁਤਬਾ ਨਾਲ ਵੀ ਤਾਲਮੇਲ ਕਰ ਰਹੀ ਹੈ, ਜਿਨ੍ਹਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ।
ਇਸ ਤੋਂ ਪਹਿਲਾਂ, ਹਿਮਾਚਲ ਪ੍ਰਦੇਸ਼ ਹਾਈ ਕੋਰਟ, ਜ਼ਿਲ੍ਹਾ ਅਦਾਲਤ ਦੇ ਕੰਪਲੈਕਸ, ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅਤੇ ਰਾਜ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ, ਪਰ ਇਹ ਸਾਰੀਆਂ ਝੂਠੀਆਂ ਸਾਬਤ ਹੋਈਆਂ ਸਨ।