ਨਿਸ਼ਾਨਦੇਹੀ ਲਈ ਪਹੁੰਚੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਈ ਕਿਸਾਨ ਆਗੂ ਗ੍ਰਿਫ਼ਤਾਰ

ਪਟਿਆਲਾ, 23 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਪਿਛਲੇ ਕਈ ਮਹੀਨਿਆਂ ਤੋਂ ਪਟਿਆਲਾ ਦੇ ਨਾਲ ਲੱਗਦੇ ਪਿੰਡ ਜਾਲਾਂ ਵਿਖੇ ਕਿਸਾਨ ਯੂਨੀਅਨ ਉਗਰਾਹਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਦਿਨ ਰਾਤ ਦਾ ਮੋਰਚਾ ਲਗਾਇਆ ਗਿਆ ਸੀ। ਇਹ ਲੋਕ ਸਰਕਾਰ ਵਲੋਂ ਬਾਈਪਾਸ ਕੱਢੇ ਜਾਣ ਮੌਕੇ ਜ਼ਮੀਨਾਂ ਅਕਵਾਇਰ ਕਰਨ ਦਾ ਵਿਰੋਧ ਕਰ ਰਹੇ ਸਨ। ਅੱਜ ਸਵੇਰੇ ਤੜਕਸਾਰ ਹੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਲੈ ਕੇ ਪਹੁੰਚੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਅਤੇ ਔਰਤ ਕਿਸਾਨ ਆਗੂ ਮਨਦੀਪ ਕੌਰ ਬਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਦੇ ਨਾਲ ਦੋ ਬਸਾਂ ਭਰ ਕੇ ਮੌਕੇ ’ਤੋਂ ਕਿਸਾਨ ਬੀਬੀਆਂ ਅਤੇ ਕਿਸਾਨਾਂ ਨੂੰ ਵੀ ਪੁਲਿਸ ਅਣ-ਦਸੀ ਥਾਂ ’ਤੇ ਲੈ ਗਈ ਹੈ।
ਮੌਜੂਦਾ ਸਮੇਂ ਪ੍ਰਸ਼ਾਸਨ ਵਲੋਂ ਬੜੀ ਹੀ ਤੇਜ਼ੀ ਨਾਲ ਲਿਆਂਦੀ ਮਸ਼ੀਨਰੀ ਦੀ ਮਦਦ ਨਾਲ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਬਲਰਾਜ ਜੋਸ਼ੀ ਅਨੁਸਾਰ ਜਿਸ ਥਾਂ ’ਤੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਮੌਜੂਦਾ ਸਮੇਂ ਉੱਥੇ ਕਿਸਾਨਾਂ ਵਲੋਂ ਜੀਰੀ ਬੀਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਅਨੁਸਾਰ ਮੌਕੇ ’ਤੋਂ ਫੜੇ ਗਏ ਕਿਸਾਨਾਂ ਨੂੰ ਅਤੇ ਬੀਬੀਆਂ ਨੂੰ ਗਾਜੇਵਾਸ ਪੁਲਿਸ ਚੌਂਕੀ ਅਤੇ ਵੱਖ-ਵੱਖ ਹੋਰ ਥਾਣਿਆਂ ਵਿਚ ਬਿਠਾ ਲਿਆ ਗਿਆ ਹੈ।