ਅਣ-ਅਧਿਕਾਰਤ ਗੁਦਾਮ ਬਣਾ ਕੇ ਖ਼ਾਦ ਦੀ ਜਮ੍ਹਾਖ਼ੋਰੀ ਕਰਨ ਵਾਲੇ ਖਿਲਾਫ ਪਰਚਾ ਦਰਜ

ਮਹਿਲ ਕਲਾਂ, 22 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਮੂੰਮ (ਬਰਨਾਲਾ) ਵਿਖੇ ਅਣ-ਅਧਿਕਾਰਤ ਤੌਰ ’ਤੇ ਗੁਦਾਮ ਬਣਾ ਕੇ ਖ਼ਾਦ ਦੀ ਜਮ੍ਹਾਖ਼ੋਰੀ ਕਰਨ ਦੇ ਦੋਸ਼ਾਂ ਤਹਿਤ ਪੈਸਟੀਸਾਈਡ ਦੁਕਾਨ ਮਾਲਕ ਉਪਰ ਥਾਣਾ ਮਹਿਲ ਕਲਾਂ 'ਚ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸ਼ੇਰਵਿੰਦਰ ਸਿੰਘ ਔਲਖ, ਏ. ਐਸ. ਆਈ. ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੀ ਟੀਮ ਵਲੋਂ ਪਿੰਡ ਮੂੰਮ ਵਿਖੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਇਕ ਇਮਾਰਤ 'ਚ ਅਣਅਧਿਕਾਰਿਤ ਖੇਤੀ ਸਮੱਗਰੀ ਬਰਾਮਦ ਕੀਤੀ ਸੀ।
ਇਕ ਖੁੱਲ੍ਹੇ ਘਰ ਦੇ ਕਮਰੇ ਵਿਚ ਡੀ. ਏ. ਪੀ. ਖ਼ਾਦ ਅਤੇ ਹੋਰ ਖ਼ਾਦਾਂ ਨੂੰ ਸਟੋਰ ਕੀਤਾ ਹੋਇਆ ਸੀ। ਇਹ ਸਾਰਾ ਸਾਮਾਨ ਮੈਸ. ਮੂੰਮ ਪੈਸਟੀਸਾਈਡਜ਼ ਦਾ ਪਾਇਆ ਗਿਆ। ਇਹ ਕਮਰਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੇ ਕਿਸੇ ਵੀ ਰਿਕਾਰਡ 'ਚ ਦਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਕਿਰਾਏਦਾਰ ਨੇ ਇਹ ਖੇਤੀ ਸਮੱਗਰੀ ਅਣਅਧਿਕਾਰਤ ਤੌਰ ’ਤੇ ਸਟੋਰ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਲਿਖ਼ਤੀ ਸ਼ਿਕਾਇਤ ਤੋਂ ਬਾਅਦ ਮੂੰਮ ਪੈਸਟੀਸਾਈਡ ਦੇ ਮਾਲਕ ਇੰਦਰਜੀਤ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਇਸ ਅਣ-ਅਧਿਕਾਰਤ ਗੁਦਾਮ ਨੂੰ ਸੀਲ ਕਰ ਦਿੱਤਾ ਹੈ।